ਮੋਗਾ| 21 ਮਾਰਚ ਨੂੰ ਪਿੰਡ ਜੈਮਲ ਵਾਲਾ ‘ਚ ਲਿੰਕ ਰੋਡ ‘ਤੇ ਕਣਕ ਦੇ ਖੇਤ ‘ਚੋਂ ਪੁਲਸ ਨੂੰ ਇਕ ਔਰਤ ਦੀ ਲਾਸ਼ ਮਿਲੀ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਬਾਘਾਪੁਰਾਣਾ ਪੁਲਿਸ ਨੇ ਮ੍ਰਿਤਕਾ ਕਰਮਜੀਤ ਕੌਰ ਦੇ ਪ੍ਰੇਮੀ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐੱਸਪੀ ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ 20 ਮਾਰਚ ਨੂੰ ਔਰਤ ਸਕੂਟੀ ‘ਤੇ ਘਰੋਂ ਨਿਕਲੀ ਸੀ। 21 ਮਾਰਚ ਨੂੰ ਉਸ ਦੀ ਅਰਧ ਨਗਨ ਲਾਸ਼ ਪਿੰਡ ਜੈਮਲ ਵਾਲਾ ਦੀ ਲਿੰਕ ਸੜਕ ’ਤੇ ਕਣਕ ਦੇ ਖੇਤ ਵਿੱਚੋਂ ਮਿਲੀ ਸੀ। ਇਸ ਤੋਂ ਬਾਅਦ ਐਸਐਸਪੀ ਨੇ ਡੀਐਸਪੀ ਜਸਜੋਤ ਸਿੰਘ ਅਤੇ ਐਸਐਚਓ ਜਤਿੰਦਰ ਸਿੰਘ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ।
ਪੁਲਸ ਨੇ ਜਿਵੇਂ ਹੀ ਜਾਂਚ ਸ਼ੁਰੂ ਕੀਤੀ ਤਾਂ ਪ੍ਰਭਾਕਰ ਸਿੰਘ ਸੋਨੀ ਦੇ ਮ੍ਰਿਤਕਾ ਨਾਲ ਸਬੰਧਾਂ ਦੀ ਗੱਲ ਸਾਹਮਣੇ ਆ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ 60 ਹਜ਼ਾਰ ਰੁਪਏ ਦਾ ਆਈਫੋਨ-13 ਲੈ ਕੇ ਦਿੱਤਾ ਸੀ। ਇਸ ਤੋਂ ਇਲਾਵਾ ਕਰਮਜੀਤ ਕੌਰ ਨੇ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰਕੇ ਇੱਕ ਲੱਖ ਰੁਪਏ ਵਸੂਲ ਲਏ ਸਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕਰਮਜੀਤ ਕੌਰ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰ ਰਹੀ ਸੀ, ਉਸ ਨੂੰ ਧਮਕੀ ਦੇ ਰਹੀ ਸੀ ਕਿ ਉਹ ਉਨ੍ਹਾਂ ਦੋਵਾਂ ਦੀਆਂ ਫੋਟੋਆਂ, ਜੋ ਉਸ ਦੇ ਮੋਬਾਈਲ ਵਿਚ ਸਨ, ਉਸ ਦੀ ਪਤਨੀ ਨੂੰ ਦਿਖਾ ਦੇਵੇਗੀ।
ਇਸ ਕਾਰਨ 20 ਮਾਰਚ ਦੀ ਰਾਤ ਨੂੰ ਪ੍ਰਭਾਕਰ ਸਿੰਘ ਉਸ ਨੂੰ ਆਪਣੀ ਕਾਰ ਵਿੱਚ ਬੱਸ ਸਟੈਂਡ ਤੋਂ ਘਰ ਲੈ ਗਿਆ। ਉਥੇ ਦੋਵਾਂ ਨੇ ਸ਼ਰਾਬ ਪੀਤੀ ਅਤੇ ਫਿਰ ਕਰਮਜੀਤ ਕੌਰ ਦਾ ਕਤਲ ਕਰਨ ਤੋਂ ਬਾਅਦ ਉਸ ਦਾ ਆਈਫੋਨ ਤੋੜ ਦਿੱਤਾ। ਮੁਲਜ਼ਮਾਂ ਨੇ ਆਪਣੇ ਸਾਥੀ ਜਸਪਾਲ ਸਿੰਘ ਨਾਲ ਮਿਲ ਕੇ ਜਿੱਥੇ ਕਰਮਜੀਤ ਕੌਰ ਦੀ ਲਾਸ਼ ਸੁੱਟ ਦਿੱਤੀ, ਉਥੇ ਮੋਬਾਈਲ ਵੀ ਕੁਝ ਦੂਰੀ ’ਤੇ ਸੁੱਟ ਦਿੱਤਾ।
ਉਸ ਮੋਬਾਈਲ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਵੀ ਜ਼ਬਤ ਕਰ ਲਏ ਹਨ ਅਤੇ ਉਨ੍ਹਾਂ ਦੀ ਕਾਲ ਡਿਟੇਲ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਗਈ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਦੋਵਾਂ ਨੂੰ 1 ਅਪ੍ਰੈਲ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।