ਲੁਧਿਆਣਾ | ਖਾਣਾ ਬਣਾਉਂਦੇ ਸਮੇਂ ਮਾਮੂਲੀ ਗੱਲ ਕਾਰਨ ਪਤੀ ਨਾਲ ਹੋਈ ਬਹਿਸ ਤੋਂ ਬਾਅਦ ਗੁੱਸੇ ਵਿਚ ਆਈ ਪਤਨੀ ਨੇ ਕਮਰੇ ਵਿਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਤਹਿਤ ਚੌਕੀ ਢੰਡਾਰੀ ਕਲਾਂ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।

ਮ੍ਰਿਤਕਾ ਦੀ ਪਛਾਣ ਅਨੀਤਾ ਦੇਵੀ (23) ਵਜੋਂ ਹੋਈ ਹੈ, ਜੋ ਜਗਦੀਸ਼ ਕਾਲੋਨੀ, ਢੰਡਾਰੀ ਦੀ ਰਹਿਣ ਵਾਲੀ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤੀ ਹੈ।

ਚੌਕੀ ਇੰਚਾਰਜ ਏ. ਐੱਸ. ਆਈ. ਧਰਮਪਾਲ ਚੌਧਰੀ ਨੇ ਦੱਸਿਆ ਕਿ ਅਨੀਤਾ ਆਪਣੇ ਪਤੀ ਰਵੀ ਰੰਜਨ ਨਾਲ ਜਗਦੀਸ਼ ਕਾਲੋਨੀ ਵਿਚ ਸਥਿਤ ਵਿਹੜੇ ਵਿਚ ਰਹਿੰਦੀ ਸੀ। ਉਨ੍ਹਾਂ ਦੀ ਇਕ ਬੇਟੀ ਹੈ, ਜੋ ਪਿੰਡ ਵਿਚ ਦਾਦਾ-ਦਾਦੀ ਨਾਲ ਰਹਿੰਦੀ ਹੈ। ਰਵੀ ਰੰਜਨ ਅਤੇ ਅਨੀਤਾ ਦੋਵੇਂ ਹੀ ਫੈਕਟਰੀ ਵਿਚ ਕੰਮ ਕਰਦੇ ਹਨ।

ਸ਼ਨੀਵਾਰ ਦੀ ਸਵੇਰ ਖਾਣਾ ਬਣਾਉਂਦੇ ਸਮੇਂ ਪਤੀ-ਪਤਨੀ ਵਿਚ ਮਾਮੂਲੀ ਗੱਲ ਕਾਰਨ ਝਗੜਾ ਹੋ ਗਿਆ। ਦੋਵਾਂ ਵਿਚ ਬਹਿਸ ਹੋਈ, ਜਿਸ ਤੋਂ ਬਾਅਦ ਰਵੀ ਬਾਹਰ ਜਾ ਕੇ ਬੈਠ ਗਿਆ। ਪਿੱਛਿਓਂ ਉਸ ਦੀ ਪਤਨੀ ਨੇ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ।

ਇਸ ਦੌਰਾਨ ਰਵੀ ਨੇ ਸੋਚਿਆ ਕਿ ਗੁੱਸੇ ਕਾਰਨ ਉਹ ਕਮਰੇ ਵਿਚ ਗਈ ਹੈ ਪਰ ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਨਹੀਂ ਖੋਲ੍ਹਿਆ। ਅਨੀਤਾ ਨੇ ਅੰਦਰੋਂ ਕੁੰਡੀ ਲਾਈ ਹੋਈ ਸੀ।

ਇਸ ਤੋਂ ਬਾਅਦ ਰਵੀ ਨੇ ਬਾਕੀ ਵਿਹੜੇ ਵਾਲਿਆਂ ਨੂੰ ਬੁਲਾਇਆ, ਜਿਨ੍ਹਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜਿਆ। ਜਦੋਂ ਅੰਦਰ ਗਏ ਤਾਂ ਅਨੀਤਾ ਨੇ ਫਾਹਾ ਲਿਆ ਹੋਇਆ ਸੀ। ਉਨ੍ਹਾਂ ਨੇ ਹਸਪਤਾਲ ਲਿਜਾਣ ਲਈ ਤੁਰੰਤ ਥੱਲੇ ਉਤਾਰਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।