ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਮੰਤਵ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫ਼ਾਜ਼ਿਲਕਾ ਦੇ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਜੋ ਕਿ ਪੂਰੀ ਤਰਾਂ ਨਾਲ ਸਫ਼ਲ ਰਿਹਾ। ਕੈਬਨਿਟ ਮੰਤਰੀ ਅੱਜ ਇਨ੍ਹਾਂ ਦੋਹਾਂ ਦਾ ਹਾਲ-ਚਾਲ ਪੁੱਛਣ ਲਈ ਆਏ ਸਨ।

ਮੰਤਰੀ ਡਾ. ਬਲਜੀਤ ਕੌਰ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਰਜ ਅਤੇ ਕਵਿਤਾ ਦੋਵੇਂ ਪਤੀ-ਪਤਨੀ ਪਿੰਡ ਲੱਧੂਵਾਲਾ ਫਾਜ਼ਿਲਕਾ ਤੋਂ ਇਕ ਸਾਲ ਤੋਂ ਚਿੱਟੇ ਮੋਤੀਏ ਕਰਕੇ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸਨ। ਇਹ ਲੋਕ ਗਰੀਬੀ ਕਰਕੇ ਅਣਗੌਲੇ ਰਹਿ ਗਏ ਸਨ। ਇਨ੍ਹਾਂ ਮਰੀਜ਼ਾਂ ਨੂੰ ਇਕ ਸੰਸਥਾ ਦੁਆਰਾ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਦਾ ਇਕ ਮਹੀਨੇ ਪਹਿਲਾਂ ਅੱਖਾਂ ਦਾ ਆਪ੍ਰੇਸ਼ਨ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਇਹ ਜੋੜਾ ਜ਼ਿੰਦਗੀ ਦੇ ਰੰਗ ਦੇਖਣਯੋਗ ਹੋ ਗਏ ਹਨ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸੂਰਜ ਅਤੇ ਕਵਿਤਾ ਦੋਵੇਂ ਪਤੀ-ਪਤਨੀ ਅੱਜ ਆਪ ਚੱਲ ਕੇ ਆਪਣੀ ਦੂਜੀ ਅੱਖ ਦੇ ਆਪ੍ਰੇਸ਼ਨ ਲਈ ਆਏ ਸਨ । ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦਾ ਦੂਜੀ ਅੱਖ ਦਾ ਆਪ੍ਰੇਸ਼ਨ ਕੀਤਾ ਗਿਆ ਹੈ ਜੋ ਕਿ ਸਫਲ ਰਿਹਾ। ਉਨ੍ਹਾਂ ਕਿਹਾ ਕਿ ਇਹ ਲੋਕ ਜ਼ਿੰਦਗੀ ਵਿਚ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਹੁਣ ਪੂਰੀ ਤਰ੍ਹਾਂ ਆਪਣੀਆਂ ਅੱਖਾਂ ਨਾਲ ਸਮਾਜ ਨੂੰ ਵੇਖ ਸਕਦੇ ਹਨ ਅਤੇ ਆਪਣਾ ਚੰਗਾ ਜੀਵਨ ਜਿਊਣ ਦੇ ਕਾਬਲ ਹੋ ਗਏ ਹਨ। ਇਸ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਸਰਬ ਸਾਂਝਾ ਮੋਦੀਖਾਨਾ ਸਮਾਜ ਦੇ ਉੱਘੇ ਵਿਅਕਤੀਆਂ ਤੋਂ ਇਲਾਵਾ ਹੋਰ ਸਮਾਜ ਸੇਵਕ ਵੀ ਹਾਜ਼ਰ ਸਨ।