ਮਾਨਸਾ। ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਹਮੇਸ਼ਾ ਲਈ ਉਕਰਿਆ ਗਿਆ। ਪੰਜਾਬ, ਭਾਰਤ ਤੇ ਦੁਨੀਆ ਭਰ ਤੋਂ ਲੱਖਾਂ ਪ੍ਰਸ਼ੰਸਕ ਅੱਜ ਆਪਣੇ ਹਰਮਨ ਪਿਆਰੇ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲੇ ਨੂੰ ਆਖਰੀ ਵਾਰ ਅਲਵਿਦਾ ਕਹਿਣ ਪਿੰਡ ਮੂਸੇ ਪੁੱਜੇ।

ਸਿੱਧੂ ਮੂਸੇਵਾਲਾ ਨੂੰ ਆਖਰੀ ਵਾਰ ਉਸਦੇ ਪਸੰਦੀਦਾ ਟਰੈਕਟਰ 5911 ਉਤੇ ਪਿੰਡ ਦੇ ਸ਼ਮਸ਼ਾਨਘਾਟ ਤੱਕ ਲਿਜਾਇਆ ਗਿਆ। ਮੂਸੇ ਪਿੰਡ ਪੁੱਜੇ ਉਸਦੇ ਚਾਹੁਣ ਵਾਲਿਆਂ ਦਾ ਕਹਿਣਾ ਸੀ ਕਿ ਟਿੱਬਿਆਂ ਦਾ ਪੁੱਤ ਆਖਿਰ ਟਿੱਬਿਆਂ ਵਿਚ ਹੀ ਰੁਲ ਗਿਆ।

ਸਿੱਧੂ ਦੇ ਪਿੰਡ ਵਿਚ ਅੱਜ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ। ਸਿੱਧੂ ਨੂੰ ਚਾਹੁਣ ਵਾਲੇ ਦੂਰੋਂ-ਦੂਰੋਂ ਮੂਸੇ ਪਿੰਡ ਪੁੱਜੇ ਸਨ। ਮੂਸਾ ਪਿੰਡ ਪੁੱਜੇ ਉਸਦੇ ਫੈਨਜ ਦੇ ਮਨਾਂ ਵਿਚ ਸਰਕਾਰ ਤੇ ਸਿਸਟਮ ਖਿਲਾਫ ਭਾਰੀ ਗੁੱਸਾ ਦੇਖਿਆ ਗਿਆ। ਇਸ ਦੁੱਖ ਦੀ ਘੜੀ ਵਿਚ ਲੱਖਾਂ ਲੋਕ ਸਰਕਾਰ ਉਤੇ ਸਵਾਲ ਚੁੱਕ ਰਹੇ ਸਨ।

ਸਿੱਧੂ ਮੂਸੇਵਾਲਾ ਭਾਵੇਂ ਸਰੀਰਕ ਤੌਰ ਉਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹ ਹਮੇਸ਼ਾ ਲਈ ਲੋਕ ਮਨਾਂ ਵਿਚ ਵਸਿਆ ਰਹੇਗਾ। ਆਉਣ ਵਾਲੀਆਂ ਸਦੀਆਂ ਤੱਕ ਲੋਕ ਕਥਾਵਾਂ ਰਾਹੀਂ ਸਿੱਧੂ ਨੂੰ ਯਾਦ ਕੀਤਾ ਜਾਂਦਾ ਰਹੇਗਾ।

ਨੌਜਵਾਨ ਪੀੜ੍ਹੀ ਦੇ ਆਈਕਾਨ ਸਿੱਧੂ ਨੇ ਥੋੜ੍ਹੇ ਸਮੇਂ ਵਿਚ ਹੀ ਉਹ ਕਰ ਦਿਖਾਇਆ ਜੋ ਸ਼ਾਇਦ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸ਼ਾਇਦ ਇਸੇ ਕਰਕੇ ਹੀ ਮੂਸਾ ਪਿੰਡ ਅੱਜ ਅਜਿਹੇ ਮੁਕਾਮ ਉਤੇ ਆ ਗਿਆ ਜਿਥੇ ਸਿੱਧੂ ਤੇ ਉਸਦਾ ਮੂਸਾ ਪਿੰਡ ਇਕਮਿਕ ਹੋ ਗਏ।