ਕਪੂਰਥਲਾ, 10 ਅਕਤੂਬਰ | ਜ਼ਿਲੇ ਦੇ ਫਗਵਾੜਾ ਦੇ ਪਿੰਡ ਭਬੀਆਣਾ ਵਿਚ ਬੁੱਧਵਾਰ ਰਾਤ ਕਰੀਬ 8.15 ਵਜੇ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਐਸਪੀ ਰੁਪਿੰਦਰ ਕੌਰ ਭੱਟੀ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਤੋਂ ਜਾਣਕਾਰੀ ਲਈ।

ਪਿੰਡ ਦੇ ਲੋਕਾਂ ਅਨੁਸਾਰ ਜਦੋਂ ਰਾਤ ਸਮੇਂ ਪਿੰਡ ਦੀ ਇੱਕ ਜਗ੍ਹਾ ‘ਤੇ ਲੋਕ ਇਕੱਠੇ ਬੈਠੇ ਸਨ ਤਾਂ ਦੋ ਬਾਈਕ ‘ਤੇ 6 ਨੌਜਵਾਨ ਆਏ, ਜਿਨ੍ਹਾਂ ਸਾਰਿਆਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਬੂਟਾ ਰਾਮ, ਸੁਰਿੰਦਰ ਪਾਲ, ਬਿੱਟੂ ਅਤੇ ਜਸ਼ਨਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੂਚਨਾ ਦੇ ਬਾਵਜੂਦ ਪੁਲਿਸ ਸਮੇਂ ਸਿਰ ਨਹੀਂ ਪੁੱਜੀ।

ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਵਿੱਚੋਂ ਦੋ ਬਿੱਟੂ ਅਤੇ ਜਸ਼ਨਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ‘ਆਪ’ ਆਗੂ ਮਾਨ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖਮੀਆਂ ਤੋਂ ਜਾਣਕਾਰੀ ਲਈ।

ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਤੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਟੀਮਾਂ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀਐਸਪੀ ਭਾਰਤ ਭੂਸ਼ਣ ਮੁਤਾਬਕ ਗੋਲੀਬਾਰੀ ਮਾਮਲੇ ਵਿਚ 6 ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।