ਫ਼ਿਰੋਜ਼ਪੁਰ, 16 ਸਤੰਬਰ | ਜ਼ੀਰਾ ਸ਼ਹਿਰ ‘ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜ਼ੀਰਾ ਕੋਟ ਈਸੇ ਖਾਂ ਰੋਡ ‘ਤੇ ਸਥਿਤ ਪੈਟਰੋਲ ਪੰਪ ਨੇੜੇ ਸ਼ੁੱਕਰਵਾਰ ਰਾਤ ਨੂੰ ਬਾਈਕ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਪਾਰਟੀ ਤੋਂ ਘਰ ਪਰਤ ਰਹੇ 2 ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਥਾਣਾ ਜ਼ੀਰਾ ਦੇ ਏ.ਐਸ.ਆਈ ਲਖਵੀਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਸਿੰਘ (18) ਪੁੱਤਰ ਭਜਨ ਸਿੰਘ, ਲਵਪ੍ਰੀਤ ਸਿੰਘ (20) ਪੁੱਤਰ ਲਖਬੀਰ ਸਿੰਘ, ਗੁਰਜੰਟ ਸਿੰਘ (22) ਪੁੱਤਰ ਲਖਬੀਰ ਸਿੰਘ ਅਤੇ ਲਖਵਿੰਦਰ ਸਿੰਘ (30) ਪੁੱਤਰ ਸੁੱਖਾ ਵਾਸੀ ਹਨ। ਪਿੰਡ ਲਹੂਕੇ ਖੁਰਦ ਸਿੰਘ ਵਾਸੀਆਨ ਤਲਵੰਡੀ ਮੰਗੇ ਖਾਂ ਤੋਂ ਆਪਣੇ ਪਿੰਡ ਲਹੂਕੇ ਖੁਰਦ ਨੂੰ ਮੋਟਰਸਾਈਕਲ ਸੀਡੀ ਡੀਲਕਸ ‘ਤੇ ਸਵਾਰ ਹੋ ਕੇ ਜਾ ਰਹੇ ਸੀ।

ਜਦੋਂ ਚਾਰੋਂ ਜ਼ੀਰਾ-ਕੋਟ ਈਸੇ ਰੋਡ ‘ਤੇ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਜ਼ੀਰਾ ਵੱਲੋਂ ਆ ਰਹੀ ਆਈ-20 ਕਾਰ ਨਾਲ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਬਾਈਕ ਸਵਾਰ ਲਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਤਿੰਨ ਸਾਥੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ।

ਜ਼ਖਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਿੱਥੇ ਦੋਵੇਂ ਭਰਾ ਲਵਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਦੀ ਵੀ ਮੌਤ ਹੋ ਗਈ। ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਨਾਲ ਹੀ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਕਾਰਨ ਪੂਰੇ ਜ਼ੀਰਾ ਇਲਾਕੇ ‘ਚ ਸੋਗ ਦੀ ਲਹਿਰ ਹੈ।