ਲੁਧਿਆਣਾ, 6 ਜਨਵਰੀ | ਲੁਧਿਆਣਾ ਦੇ ਜਵੱਦੀ ਰੋਡ ਉਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 20 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਬੱਸ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ। ਨੌਜਵਾਨ ਜਿਵੇਂ ਹੀ ਬੱਸ ਵਿਚੋਂ ਉਤਰਨ ਲੱਗਾ ਤਾਂ ਚਾਲਕ ਨੇ ਬੱਸ ਭਜਾ ਲਈ। ਪਿਛਲੇ ਟਾਇਰ ਹੇਠਾਂ ਆਉਣ ਕਾਰਨ ਨੌਜਵਾਨ ਕੁਚਲਿਆ ਗਿਆ। ਗੰਭੀਰ ਹਾਲਤ ਵਿਚ ਉਸਨੂੰ ਹਸਪਤਾਲ ਲਿਜਾਂਦਾ ਗਿਆ, ਜਿਥੇ ਉਸਨੇ ਦਮ ਤੋੜ ਦਿੱਤਾ।

ਇਸ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਏਕੋਟ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਰੋਹਿਤ ਗਿਰੀ 20 ਸਾਲ ਨਾਲ ਕਿਸੇ ਕੰਮ ਲਈ ਰਾਏਕੋਟ ਤੋਂ ਬਾਹਰ ਗਏ ਹੋਏ ਸਨ। ਚਾਚਾ-ਭਤੀਜਾ ਬੱਸ ਵਿਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ।

ਅਨਿਲ ਨੇ ਦੱਸਿਆ ਕਿ ਬੱਸ ਜਿਵੇਂ ਹੀ ਜਵੱਦੀ ਰੋਡ ਉਤੇ ਪਹੁੰਚੀ ਤਾਂ ਉਹ ਖੁਦ ਬੱਸ ਦੀ ਪਿਛਲੀ ਬਾਰੀ ਰਾਹੀਂ ਹੇਠਾਂ ਉਤਰ ਗਏ ਜਦਕਿ ਰੋਹਿਤ ਬੱਸ ਦੇ ਅਗਲੇ ਦਰਵਾਜ਼ੇ ਵਿਚੋਂ ਹੇਠਾਂ ਉਤਰਨ ਲੱਗਾ, ਇਸੇ ਦੌਰਾਨ ਚਾਲਕ ਨੇ ਬੱਸ ਭਜਾ ਲਈ l ਲੜਕੇ ਦਾ ਬੈਲੇਂਸ ਵਿਗੜਿਆ ਅਤੇ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਗੰਭੀਰ ਹਾਲਤ ਵਿਚ ਰੋਹਿਤ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਵਿਚ ਏਐਸਆਈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਜਧਾਨੀ ਬੱਸ ਦੇ ਡਰਾਈਵਰ ਬਠਿੰਡਾ ਦੇ ਰਹਿਣ ਵਾਲੇ ਰੇਸ਼ਮ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।