ਲੁਧਿਆਣਾ, 6 ਨਵੰਬਰ| ਲੁਧਿਆਣਾ ਵਿਚ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਔਰਤ ਸੁੰਦਰ ਨਗਰ ਚੌਕ, ਭਾਮੀਆਂ ਰੋਡ ਗਾਰਡਨ ਕਾਲੋਨੀ ਦੀ ਵਸਨੀਕ ਹੈ। ਮ੍ਰਿਤਕ ਘਰ ਵਿੱਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਵੀ ਲੁੱਟ-ਖੋਹ ਹੋਈ ਹੈ। ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਕਤਲ ਰਾਤ ਨੂੰ ਹੋਇਆ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਕਤਲ ਸਵੇਰੇ 6 ਵਜੇ ਹੋਇਆ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਰਨ ਵਾਲੀ ਔਰਤ ਦਾ ਨਾਂ ਪੂਜਾ ਹੈ। ਸੂਤਰਾਂ ਮੁਤਾਬਕ ਪੂਜਾ ਦੇ ਘਰ ‘ਚ ਕਿਰਾਏਦਾਰ ਵੀ ਰਹਿੰਦੇ ਹਨ। ਇਸ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਅੱਜ ਸਵੇਰੇ ਪੂਜਾ ਦੇ ਪੁੱਤਰ ਚੀਕੂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਇਲਾਕੇ ‘ਚ ਹੜਕੰਪ ਮਚਾਇਆ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਚੌਕੀ ਮੁੰਡੀਆ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪਰ ਅਜੇ ਤੱਕ ਪੁਲਿਸ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ, ਕਿਉਂਕਿ ਇਲਾਕੇ ਵਿੱਚ ਲੱਗੇ ਜ਼ਿਆਦਾਤਰ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ। ਇੱਥੇ ਵਰਨਣਯੋਗ ਗੱਲ ਹੈ ਕਿ ਕਾਤਲ ਵੱਲੋਂ ਕੋਈ ਲੁੱਟ-ਖੋਹ ਦੀ ਵਾਰਦਾਤ ਨਹੀਂ ਕੀਤੀ ਗਈ, ਘਰ ਵਿੱਚ ਪਏ ਚਾਰ-ਪੰਜ ਮੋਬਾਈਲ ਫੋਨ ਜ਼ਰੂਰ ਗਾਇਬ ਹਨ, ਪੁਲਿਸ ਦਾ ਮੰਨਣਾ ਹੈ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ।

ਮ੍ਰਿਤਕ ਔਰਤ ਦਾ ਦੂਜਾ ਵਿਆਹ ਸੀ, ਜਦੋਂਕਿ ਉਸ ਦੇ ਪਤੀ ਦਾ ਤੀਜਾ ਵਿਆਹ ਸੀ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਮੌਕੇ ਤੋਂ ਸੁਰਾਗ ਜੁਟਾ ਰਹੀ ਹੈ। ਘਟਨਾ ਸਮੇਂ ਔਰਤ ਦਾ ਪਤੀ ਘਰ ਨਹੀਂ ਸੀ ਅਤੇ ਫਗਵਾੜਾ ਗਿਆ ਹੋਇਆ ਸੀ।
ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਕਾਤਲ ਤੱਕ ਪਹੁੰਚ ਸਕੇਗੀ।