ਲੁਧਿਆਣਾ/ਸਮਰਾਲਾ | ਇਥੋਂ ਇਕ ਅੰਧਵਿਸ਼ਵਾਸ ‘ਚ ਬੱਚੀ ਦੀ ਬਲੀ ਲੈਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਰੋਹਲੇ ਦੇ ਵਸਨੀਕ ਮਾਪਿਆਂ ਵੱਲੋਂ ਘਰੇਲੂ ਕਲੇਸ਼ ਦੇ ਹੱਲ ਲਈ ਸਾਧ ਦੇ ਉਪਾਅ ਅਨੁਸਾਰ ਕਲੇਸ਼ ਤੋਂ ਛੁਟਕਾਰਾ ਪਾਉਣ ਲਈ ਆਪਣੀ 5 ਸਾਲ ਦੀ ਬੱਚੀ ਦੀ ਨਹਿਰ ‘ਚ ਧੱਕਾ ਦੇ ਕੇ ਬਲੀ ਲੈ ਲਈ।

ਡੀਐਸਪੀ ਵਰਿਆਮ ਸਿੰਘ ਅਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਉਸਦੀ ਪਤਨੀ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਬੱਚੀ ਦਾ ਕਤਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਸ਼ਿਕਾਇਤਕਰਤਾ ਗੁਰਚਰਨ ਸਿੰਘ ਜੋ ਮੁਲਜ਼ਮ ਦਾ ਵੱਡਾ ਭਰਾ ਹੈ, ਦੇ ਬਿਆਨਾਂ ‘ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਦਾ ਵਿਆਹ 9 ਸਾਲ ਪਹਿਲਾਂ ਹੋਇਆ ਸੀ ਜਿਨ੍ਹਾਂ ਕੋਲ ਹੁਣ 8 ਸਾਲਾਂ ਦਾ ਲੜਕਾ ਤੇ 5 ਸਾਲਾਂ ਦੀ ਲੜਕੀ ਹੈ। ਇਹ ਪਰਿਵਾਰ ਮੇਰੇ ਤੋਂ ਵੱਖ ਰਹਿੰਦਾ ਹੈ ਤੇ ਇਨ੍ਹਾਂ ਦੇ ਪਰਿਵਾਰ ਵਿਚ ਅਕਸਰ ਕਲੇਸ਼ ਰਹਿੰਦਾ ਸੀ, ਜਿਸ ਕਰਕੇ ਇਹ ਦੋਵੇਂ ਸਾਧਾਂ ਦੇ ਡੇਰੇ ‘ਤੇ ਕਲੇਸ਼ ਤੋਂ ਛੁਟਕਾਰੇ ਲਈ ਅਕਸਰ ਜਾਂਦੇ ਰਹਿੰਦੇ ਸਨ।

ਉਸ ਨੇ ਦੱਸਿਆ ਕਿ ਸਾਧ ਕਹਿੰਦਾ ਸੀ ਕਿ ਤੁਹਾਡੀ ਲੜਕੀ ਕਰਕੇ ਹੀ ਘਰ ‘ਚ ਕਲੇਸ਼ ਰਹਿੰਦਾ ਹੈ ਤੇ ਉਸ ਕਰਕੇ ਹੀ ਤੇਰੀ ਘਰਵਾਲੀ ਦੀ ਸਿਹਤ ਖਰਾਬ ਰਹਿੰਦੀ ਹੈ। ਇਹ ਦੋਵੇਂ ਬੱਚਿਆਂ ਨੂੰ ਲੈ ਕੇ ਨਹਿਰ ‘ਤੇ ਗਏ ਪਰ ਜਦੋਂ ਵਾਪਸੀ ‘ਤੇ ਘਰ ਆਏ ਤਾਂ ਬੇਟੀ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਨਾਰੀਅਲ ਤਾਰਨ ਦੇ ਬਹਾਨੇ ਨਹਿਰ ‘ਚ ਧੱਕਾ ਦੇ ਕੇ ਬੱਚੀ ਦੀ ਬਲੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀ ਦੀ ਭਾਲ ਜਾਰੀ ਹੈ।