ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮਹਾਨਗਰ ਦੇ ਥਾਣਾ ਜਮਾਲਪੁਰ ਇਲਾਕੇ ਵਿਚ ਰਹਿਣ ਵਾਲੀ ਨੌਜਵਾਨ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸਦਾ ਪ੍ਰੇਮੀ 9 ਮਹੀਨੇ ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਮੁਲਜ਼ਮ ਵਿਆਹ ਕਰਵਾਉਣ ਤੋਂ ਮੁਨਕਰ ਹੋਇਆ ਅਤੇ ਉਸ ਨੂੰ ਛੱਡ ਕੇ ਫਰਾਰ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਸਥਾਨਕ ਵੀਰ ਪੈਲੇਸ ਦੇ ਨਜ਼ਦੀਕ ਰਹਿਣ ਵਾਲੇ ਮੁਲਜ਼ਮ ਆਕਾਸ਼ ਕੁਮਾਰ ਖਿਲਾਫ ਜਬਰ-ਜ਼ਨਾਹ ਦੇ ਦੋਸ਼ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਲੜਕੀ ਮੁਤਾਬਕ ਕਰੀਬ 10 ਮਹੀਨੇ ਪਹਿਲਾਂ ਫੋਕਲ ਪੁਆਇੰਟ ਨੀਚੀ ਮੰਗਲੀ ਇਕ ਫੈਕਟਰੀ ਵਿਚ ਨੌਕਰੀ ਕਰਦੀ ਸੀ। ਇਸ ਦੌਰਾਨ ਉਸ ਦੀ ਦੋਸਤੀ ਆਕਾਸ਼ ਕੁਮਾਰ ਨਾਲ ਹੋ ਗਈ। ਦੋਸਤੀ ਪ੍ਰੇਮ ਸਬੰਧ ਵਿੱਚ ਬਦਲੀ ਅਤੇ ਮੁਲਜ਼ਮ ਆਕਾਸ਼ ਉਸਨੂੰ ਕਰੀਬ 9 ਮਹੀਨਿਆਂ ਤਕ ਵੱਖ-ਵੱਖ ਹੋਟਲਾਂ ਵਿਚ ਲਿਜਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦ ਪੀੜਤ ਗਰਭਵਤੀ ਹੋ ਗਈ ਤਾਂ ਉਸ ਨੇ ਅਕਾਸ਼ ਨੂੰ ਜਲਦੀ ਵਿਆਹ ਕਰਵਾਉਣ ਲਈ ਕਿਹਾ।

ਆਕਾਸ਼ ਪਹਿਲਾਂ ਵਿਆਹ ਕਰਵਾਉਣ ਲਈ ਲਾਰੇਬਾਜ਼ੀ ਕਰਦਾ ਰਿਹਾ ਅਤੇ ਇੱਕ ਦਿਨ ਫਿਰ ਗੱਲਬਾਤ ਕਰਨ ਬਹਾਨੇ ਬੁਲਾ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਮਗਰੋਂ ਫਰਾਰ ਹੋ ਗਿਆ। ਵਾਰ-ਵਾਰ ਵਿਆਹ ਲਈ ਮਨਾਉਣ ਦੇ ਬਾਵਜੂਦ ਆਕਾਸ਼ ਨੇ ਪੀੜਤਾ ਦੀ ਗੱਲ ਨਾ ਸੁਣੀ ਤਾਂ ਉਸਨੇ ਇਸ ਸਬੰਧੀ ਥਾਣਾ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।