ਲੁਧਿਆਣਾ। ਸੀਬੀਆਈ ਨੇ ਸੈਂਟਰਲ ਬੈਂਕ ਆਫ ਇੰਡੀਆ ਸਣੇ 10 ਬੈਂਕਾਂ ਤੋਂ 15,30.99 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖੇਧੜੀ ਵਿਚ ਲੁਧਿਆਣਾ ਦੀ ਐਸਈਐਲ ਟੈਕਸਟਾਈਲ ਲਿਮਟਿਡ ਕੰਪਨੀ ਦੇ ਮਾਲਕ ਤੇ ਡਾਇਰੈਕਟਰ ਨੀਰਜ ਸਲੂਜਾ ਨੂੰ ਗ੍ਰਿਫਤਾਰ ਕੀਤਾ ਹੈ। ਸਲੂਜਾ ਨੂੰ ਸ਼ੁ੍ੱਕਰਵਾਰ ਨੂੰ ਦਿੱਲੀ ਸਥਿਤ ਉਨ੍ਹਾਂ ਦੇ ਦਫਤਰ ਤੋਂ 2 ਸਾਲ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ ਮੋਹਾਲੀ ਦੀ ਸੀਬੀਆਈ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੀਬੀਆਈ ਨੇ 6 ਅਗਸਤ 2020 ਨੂੰ ਬੈਂਕ ਧੋਖਾਧੜੀ ਦੇ ਆਰੋਪ ਵਿਚ ਐਸਈਐਲ ਟੈਕਸਟਾਈਲ ਲਿਮਟਿਡ ਦੇ ਡਾਇਰੈਕਟਰਾਂ ਨੀਰਜ ਸਲੂਜਾ, ਰਾਮ ਸਰਨ ਸਲੂਜਾ ਤੇ ਕੁਝ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਨੀਰਜ ਸਲੂਜਾ ਤੇ ਉਨ੍ਹਾਂ ਦੇ ਸਹਿਯੋਗੀਆਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਲੋਨ ਨੂੰ ਧੋਖਾਧੜੀ ਨਾਲ ਹੋਰ ਥਾਂ ਇਸਤੇਮਾਲ ਕੀਤਾ। ਆਰੋਪੀਆਂ ਨੇ ਗੈਰ-ਪ੍ਰਮਾਣਿਤ ਸਪਲਾਈਕਰਤਾਵਾਂ ਤੋਂ ਮਸ਼ੀਨਾਂ ਦੀ ਖਰੀਦ ਦਿਖਾਈ ਸੀ ਤੇ ਸਟਾਕ ਤੇ ਮਾਲ ਦੀ ਮਾਤਰਾ ਵਿਚ ਵੀ ਹੇਰਫੇਰ ਕੀਤਾ। ਇਸਦੇ ਨਾਲ ਹੀ ਵੇਚੇ ਗਏ ਮਾਲ ਦਾ ਪੈਸਾ ਬੈਂਕ ਕੋਲ ਜਮ੍ਹਾਂ ਨਹੀਂ ਕੀਤਾ ਗਿਆ ਸੀ।
ਫੈਬਰਿਕ ਬਣਾਉਣ ਵਾਲੀ ਇਸ ਕੰਪਨੀ ਦੀ ਮੁਕਤਸਰ ਦੇ ਮਲੋਟ, ਨਵਾਂਸ਼ਹਿਰ, ਨੇਮਰਾਨਾ (ਰਾਜਸਥਾਨ) ਤੇ ਹਾਂਸੀ (ਹਰਿਆਣਾ) ਵਿਚ ਵੀ ਇਕਾਈਆਂ ਹਨ। 14 ਅਗਸਤ 2020 ਨੂੰ ਢੰਡਾਰੀ ਖੁਰਦ ਏਰੀਆ ਵਿਚ ਸੀਬੀਆਈ ਦੇ ਛਾਪੇ ਵਿਚ ਆਰੋਪੀ ਦੇ ਕੈਂਪਸ ਤੋਂ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਸਨ। ਆਰੋਪੀ ਖਿਲਾਫ ਲੁਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਜਾਂਚ ਦੌਰਾਨ ਸਲੂਜਾ ਟਾਲਮਟੋਲ ਕਰਦਾ ਰਿਹਾ। ਇਸ ਮਾਮਲੇ ਵਿਚ ਸੀਬੀਆਈ ਨੇ ਕਈ ਲੋਕਾਂ ਤੋਂ ਵੀ ਪੁਛਗਿਛ ਕੀਤੀ ਹੈ।
Related Post