ਲੁਧਿਆਣਾ, 25 ਸਤੰਬਰ | ਪਿੰਡ ਗਿੱਲ ‘ਚ ਇੱਕ ਗਰੀਬ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਇੱਕ ਵਿਧਵਾ ਔਰਤ ਆਪਣੇ ਤਿੰਨ ਬੱਚਿਆਂ ਨਾਲ ਘਰ ‘ਚ ਰਹਿੰਦੀ ਹੈ। ਉਸ ਦੇ ਭਰਾ ਨੇ ਉਸ ਨੂੰ ਇਹ ਘਰ ਰਹਿਣ ਲਈ ਦਿੱਤਾ ਸੀ । ਔਰਤ ਨੇ ਆਪਣੇ ਭਰਾ ਨੂੰ ਢਾਈ ਲੱਖ ਰੁਪਏ ਇਸ ਮਕਾਨ ਦੀ ਰਾਸ਼ੀ ਵਜੋਂ ਵੀ ਦਿੱਤੇ ਸੀ ਪਰ ਕੁਝ ਸਾਲਾਂ ਬਾਅਦ ਉਸ ਦਾ ਭਰਾ ਆਇਆ ਤੇ ਘਰ ਕਿਸੇ ਹੋਰ ਨੂੰ ਵੇਚ ਦਿੱਤਾ, ਜਦੋਂਕਿ ਔਰਤ ਨੇ ਬੜੀ ਮਿਹਨਤ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਤੇ ਘਰ ਬਣਵਾਇਆ, ਲੱਖਾਂ ਰੁਪਏ ਖਰਚ ਕੀਤੇ ਪਰ ਉਸ ਨੂੰ ਕੋਈ ਮੁਆਵਜ਼ਾ ਦਿੱਤੇ ਬਿਨਾਂ ਉਸ ਦਾ ਘਰ ਢਾਹ ਦਿੱਤਾ ਗਿਆ।

ਪੀੜਤ ਔਰਤ ਨੇ ਦੱਸਿਆ ਕਿ ਪੁਲਿਸ ਦੀ ਵੀ ਮਿਲੀਭੁਗਤ ਹੈ, ਉਹ ਫੈਸਲਾ ਕਰਵਾਉਣ ਦੇ ਨਾਂ ‘ਤੇ ਉਨ੍ਹਾਂ ਨੂੰ ਥਾਣੇ ਲੈ ਗਈ ਅਤੇ ਪਿੱਛੇ ਤੋਂ ਖਰੀਦਦਾਰ ਨੇ ਮਿਲੀ ਭੁਗਤ ਅਨੁਸਾਰ ਪੂਰੇ ਘਰ ਦੀ ਭੰਨ-ਤੋੜ ਕੀਤੀ। ਉਨ੍ਹਾਂ ਦੇ ਬੱਚਿਆਂ ਦੇ ਸਰਟੀਫਿਕੇਟ, ਹੋਰ ਸਮਾਨ ਨਸ਼ਟ ਕਰ ਦਿੱਤਾ।

ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਆਈ ਅਤੇ ਕਿਹਾ ਕਿ ਉਹ ਜਾਂਚ ਕਰੇਗੀ। ਹਾਲਾਂਕਿ ਜਦੋਂ ਪੁਲਿਸ ਨੂੰ ਮਿਲੀ ਭੁਗਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਸੀਂ ਇਸ ਦੀ ਜਾਂਚ ਕਰਾਂਗੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਵਿਸ਼ੇਸ਼ ਨੋਟਿਸ ਲੈਂਦਿਆਂ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।