ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 2 ਮਹੀਨੇ ਪਹਿਲਾਂ 16 ਵਰ੍ਹਿਆਂ ਦੀ ਲੜਕੀ ਨਾਲ ਇੰਸਟਾਗ੍ਰਾਮ ‘ਤੇ ਨੌਜਵਾਨ ਨੇ ਦੋਸਤੀ ਕੀਤੀ ਤੇ ਬਹਾਨੇ ਨਾਲ ਜੋਧੇਵਾਲ ਬਸਤੀ ਦੇ ਇਕ ਖਾਲੀ ਪਲਾਟ ਵਿਚ ਲੈ ਗਿਆ। ਹਵਸ ਵਿਚ ਅੰਨ੍ਹੇ ਹੋਏ ਮੁਲਜ਼ਮ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਆਖ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਬੇਟੀ ਬਹੁਤ ਪਰੇਸ਼ਾਨ ਸੀ। ਉਹ ਪਰਿਵਾਰ ਦੇ ਕਿਸੇ ਵੀ ਜੀਅ ਨਾਲ ਗੱਲ ਨਹੀਂ ਸੀ ਕਰ ਰਹੀ। ਲੜਕੀ ਦੇ ਪਿਤਾ ਨੇ ਜਦੋਂ ਉਸ ਨੂੰ ਕਾਰਨ ਪੁੱਛਿਆ ਤਾਂ ਲੜਕੀ ਨੇ ਮੁਲਜ਼ਮ ਦੀ ਸ਼ਰਮਨਾਕ ਹਰਕਤ ਬਾਰੇ ਦੱਸਿਆ। ਲੜਕੀ ਨੇ ਪਰਿਵਾਰ ਨੂੰ ਦੱਸਿਆ ਕਿ 12 ਮਾਰਚ ਨੂੰ ਸ਼ਾਮ 7 ਵਜੇ ਦੇ ਕਰੀਬ ਮੁਲਜ਼ਮ ਪਹਿਲਾਂ ਉਸ ਨੂੰ ਜੋਧੇਵਾਲ ਬਸਤੀ ਇਲਾਕੇ ਵਿਚ ਘੁਮਾਉਂਦਾ ਰਿਹਾ ਅਤੇ ਹਨੇਰਾ ਹੋਣ ‘ਤੇ ਉਹ ਉਸ ਨੂੰ ਖਾਲੀ ਪਲਾਟ ਵਿਚ ਲੈ ਗਿਆ।

ਜਿੱਥੇ ਮੁਲਜ਼ਮ ਨੇ ਨਾਬਾਲਗ ਦੀ ਇੱਜ਼ਤ ਲੁੱਟ ਲਈ। ਉਧਰੋਂ ਇਸ ਮਾਮਲੇ ਵਿਚ ਥਾਣਾ ਦਰੇਸੀ ਦੇ ਏਐਸਆਈ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਗੁਲਾਮ ਨਾਂ ਦੇ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।