ਲੁਧਿਆਣਾ | ਜਮਾਲਪੁਰ ਇਲਾਕੇ ‘ਚ ਗਲੀ ‘ਚ ਪੈਦਲ ਜਾ ਰਹੇ ਬੱਚੇ ਨੂੰ ਬਦਮਾਸ਼ਾਂ ਨੇ ਅਗਵਾ ਕਰ ਲਿਆ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਡੀਓ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਹੈ, ਜਿਸ ਵਿਚ ਗਲੀ ਵਿਚ ਪੈਦਲ ਜਾ ਰਹੇ ਇੱਕ ਬੱਚੇ ਨੂੰ ਬਾਈਕ ਸਵਾਰ ਤਿੰਨ ਵਿਅਕਤੀ ਅਗਵਾ ਕਰ ਲੈਂਦੇ ਹਨ ਅਤੇ ਬਾਅਦ ਵਿਚ ਫਰਾਰ ਹੋ ਜਾਂਦੇ ਹਨ।

ਪਰ 50 ਮੀਟਰ ਦੂਰ ਜਾ ਕੇ ਕਿਸੇ ਤਰ੍ਹਾਂ ਬੱਚਾ ਬਦਮਾਸ਼ਾਂ ਤੋਂ ਹੱਥ ਛੁਡਵਾ ਕੇ ਬਚ ਗਿਆ। ਬੱਚੇ ਦੀ ਉਮਰ 12-13 ਸਾਲ ਹੈ। ਇਹ ਘਟਨਾ ਬੁੱਧਵਾਰ ਦੇਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਤਿੰਨ ਬੱਚੇ ਜਮਾਲਪੁਰ ਇਲਾਕੇ ਦੀ ਗਲੀ ਵਿਚ ਘੁੰਮ ਰਹੇ ਸਨ, ਜਦੋਂ ਇੱਕ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੇ ਕੋਲ ਰੁਕ ਕੇ ਇੱਕ ਬੱਚੇ ਨੂੰ ਆਪਣੀ ਗੋਦ ਵਿਚ ਲੈ ਲਿਆ, ਜਿਸ ਤੋਂ ਬਾਅਦ ਬਾਕੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਬਾਈਕ ਸਵਾਰਾਂ ਵਿਚ ਇੱਕ ਪਗੜੀਧਾਰੀ ਵਿਅਕਤੀ ਸਮੇਤ ਤਿੰਨ ਵਿਅਕਤੀ ਸਨ, ਜਿਨ੍ਹਾਂ ਵਲੋਂ ਅਗਵਾ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਲੋਕ ਥਾਣੇ ਪੁੱਜੇ ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਮਾਲਪੁਰ ਥਾਣਾ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਬੱਚਾ ਕਾਫੀ ਸਰਗਰਮ ਲੱਗ ਰਿਹਾ ਸੀ। ਜੋ ਕਿਸੇ ਤਰ੍ਹਾਂ ਬਦਮਾਸ਼ਾਂ ਦੇ ਚੁੰਗਲ ਤੋਂ ਬਚ ਗਿਆ। ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਲਿਖਤੀ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ ਪੁਲਿਸ ਇਲਾਕੇ ‘ਚ ਲੱਗੇ ਸਾਰੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਵੇਗੀ।