ਲੁਧਿਆਣਾ | 4 ਮਹੀਨੇ ਪਹਿਲਾਂ ਰੱਖਿਆ ਨੌਕਰ ਵਿਸ਼ਵਾਸ ਬਣਾ ਕੇ ਕੱਪੜਾ ਕਾਰੋਬਾਰੀ ਦਾ 2 ਲੱਖ 24 ਹਜ਼ਾਰ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਸਮਰਾਲਾ ਚੌਕ ਕੋਲੋਂ ਸਕੂਟਰ ਬਰਾਮਦ ਕਰਕੇ ਪੁਲਿਸ ਨੇ ਮੁਲਜ਼ਮ ਦਾਨਿਸ਼ ਚੱਢਾ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਨਹਿਰੂ ਨਗਰ ਮਾਡਲ ਟਾਊਨ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਕਿ ਕੱਪੜੇ ਦੀ ਟ੍ਰੇਡਿੰਗ ਦੇ ਨਾਲ-ਨਾਲ ਉਨ੍ਹਾਂ ਦੇ ਮੈਨਫੈਕਚਰਿੰਗ ਯੂਨਿਟ ਵੀ ਹਨ। ਨੌਕਰ ਰਖਵਾਉਣ ਵਾਲੇ ਐਪ ਦੇ ਜ਼ਰੀਏ ਉਨ੍ਹਾਂ ਨੇ ਪੇਮੈਂਟ ਇਕੱਠੀ ਕਰਨ ਅਤੇ ਕਾਰੋਬਾਰ ਦੇ ਹੋਰ ਕੰਮਾਂ ਲਈ ਦਾਨਿਸ਼ ਨੂੰ ਨੌਕਰੀ ‘ਤੇ ਰੱਖਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੇ ਦਾਨਿਸ਼ ਦੇ ਪਿਤਾ ਨੂੰ ਵੀ ਨੌਕਰੀ ‘ਤੇ ਰਖਵਾ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਦਾਨਿਸ਼ ਨੂੰ ਰਹਿਣ ਲਈ ਸ਼ਾਸਤਰੀ ਨਗਰ ਇਲਾਕੇ ਵਿੱਚ ਘਰ ਵੀ ਦਿੱਤਾ। ਮੁਲਜ਼ਮ ਨੇ 4 ਮਹੀਨਿਆਂ ਵਿਚ ਕਈ ਵਾਰ ਬਾਜ਼ਾਰ ਵਿਚੋਂ ਪੇਮੈਂਟ ਲਿਆਂਦੀ ਅਤੇ ਵਿਸ਼ਵਾਸ ਬਣਾ ਲਿਆ।

ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਮਹਾਵੀਰ ਜੈਨ ਕਾਲੋਨੀ ‘ਚੋਂ 2 ਲੱਖ 24 ਹਜ਼ਾਰ ਰੁਪਏ ਦੀ ਰਕਮ ਲੈ ਗਿਆ ਸੀ। ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰੋਬਾਰੀ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਦਾਨਿਸ਼ ਚੱਢਾ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇੱਕ ਵਾਰ ਫਿਰ ਤੋਂ ਉਹ ਬਾਜ਼ਾਰ ‘ਚੋਂ ਪੇਮੈਂਟ ਲੈਣ ਲਈ ਕਾਰੋਬਾਰੀ ਦਾ ਐਕਟਿਵਾ ਸਕੂਟਰ ਲੈ ਕੇ ਗਿਆ। ਕਈ ਘੰਟਿਆਂ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਕਾਰੋਬਾਰੀ ਨੇ ਆਪਣੇ ਮੁਲਾਜ਼ਮਾਂ ਨੂੰ ਸ਼ਾਸਤਰੀ ਨਗਰ ਵਾਲੇ ਘਰ ਵਿੱਚ ਭੇਜਿਆ। ਕਾਰੋਬਾਰੀ ਨੂੰ ਪਤਾ ਲੱਗਾ ਕਿ ਘਰ ‘ਚੋਂ ਦਾਨਿਸ਼ ਦਾ ਪੂਰਾ ਪਰਿਵਾਰ ਜਾ ਚੁੱਕਾ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸਮਰਾਲਾ ਚੌਕ ਤੋਂ ਐਕਟਿਵਾ ਸਕੂਟਰ ਮਿਲਿਆ।