ਲੁਧਿਆਣਾ, 30 ਦਸੰਬਰ | ਥਾਣਾ ਸਾਨੇਵਾਲ ਦੇ ਇਲਾਕੇ ਅਧੀਨ ਪੈਂਦੇ ਸਤਿਗੁਰੂ ਨਗਰ ਵਿਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। 4 ਬਦਮਾਸ਼ਾਂ ਨੇ ਰਾਹਗੀਰ ਨੂੰ ਘੇਰ ਕੇ ਉਸਦੇ ਦਾਤ ਮਾਰਿਆ ਅਤੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਨਕਦੀ ਅਤੇ ਫੋਨ ਲੁੱਟ ਲਿਆ l ਇਸ ਮਾਮਲੇ ਵਿਚ ਥਾਣਾ ਸਾਨੇਵਾਲ ਦੀ ਪੁਲਿਸ ਨੇ ਸਤਿਗੁਰੂ ਨਗਰ ਦੇ ਰਹਿਣ ਵਾਲੇ ਸੁਨੀਲ ਗੁਪਤਾ ਦੀ ਸ਼ਿਕਾਇਤ ਨੂੰ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਸੁਨੀਲ ਨੇ ਦੱਸਿਆ ਕਿ ਦੁਪਹਿਰ ਨੂੰ ਉਹ ਸਤਿਗੁਰੂ ਨਗਰ ਦੇ ਮੋੜ ਤੋਂ ਲੰਘ ਰਿਹਾ ਸੀ l ਇਸ ਦੌਰਾਨ 4 ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ ਦੇ ਮੋਢੇ ਉੱਪਰ ਦਾਤ ਨਾਲ ਵਾਰ ਕੀਤਾ l ਬਦਮਾਸ਼ਾਂ ਨੇ ਸੁਨੀਲ ਨੂੰ ਧਮਕੀਆਂ ਦਿੱਤੀਆਂ l ਮੁਲਜਮਾਂ ਨੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਰਕਮ ਅਤੇ ਫੋਨ ਖੋਹ ਲਿਆ l
ਇਸ ਤੋਂ ਪਹਿਲਾਂ ਕਿ ਸੁਨੀਲ ਰੌਲਾ ਪਾਉਂਦਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ l ਉਧਰੋਂ ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੇ ਏਐਸਆਈ ਰਘਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਜੁਟ ਗਈ ਹੈ l ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।