ਬਰਨਾਲਾ | ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਬਰਨਾਲਾ ਪੁਲਿਸ ਨੇ ਮ੍ਰਿਤਕ ਲਵਪ੍ਰੀਤ ਦੀ ਕੈਨੇਡਾ ‘ਚ ਰਹਿ ਰਹੀ ਪਤਨੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਥਾਣਾ ਧਨੌਲਾ ‘ਚ FIR ਨੰਬਰ 97 ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਉਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਕਿਸਾਨ ਸੰਗਠਨਾਂ ਦੁਆਰਾ ਲਵਪ੍ਰੀਤ ਦੀ ਪਤਨੀ ਖਿਲਾਫ ਧਾਰਾ 306 ਅਤੇ ਮ੍ਰਿਤਕ ਦੇ ਸਹੁਰਾ ਪਰਿਵਾਰ ਦੇ ਸਾਰੇ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਭਾਰੀ ਮੀਂਹ ਦੇ ਬਾਵਜੂਦ ਬਠਿੰਡਾ-ਚੰਡੀਗੜ੍ਹ ਰੋਡ ਜਾਮ ਕੀਤਾ ਗਿਆ। ਧਰਨੇ ‘ਚ ਇਸ ਠੱਗੀ ਦਾ ਸ਼ਿਕਾਰ ਹੋਏ ਹੋਰ ਵੀ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੋਏ।

ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ‘ਚ ਰਿਹਾ ਹੈ, ਜਿਸ ਵਿਚ ਲੱਖਾਂ ਰੁਪਏ ਖਰਚ ਕੇ ਆਈਲੈਟਸ ਪਾਸ ਕਰਵਾ ਕੇ ਕੈਨੇਡਾ ਭੇਜੀ ਪਤਨੀ ਬੇਅੰਤ ਕੌਰ ਉੱਤੇ ਮ੍ਰਿਤਕ ਪਤੀ ਲਵਪ੍ਰੀਤ ਸਿੰਘ ਵੱਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਲਵਪ੍ਰੀਤ ਦੀ ਖੁਦਕੁਸ਼ੀ ਪਿੱਛੇ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਧੋਖਾ ਦਿੱਤੇ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਇਸ ਮੌਕੇ ਪਹੁੰਚੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 40 ਦਿਨ ਬੀਤ ਜਾਣ ਤੋਂ ਬਾਅਦ ਵੀ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਇਸ ਮਾਮਲੇ ‘ਚ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਧਾਰਾ 306 ਤਹਿਤ ਪਰਚਾ ਦਰਜ ਕਰਨਾ ਚਾਹੀਦਾ ਹੈ, ਜਿੰਨਾ ਚਿਰ ਬੇਅੰਤ ਕੌਰ ਵਿਰੁੱਧ 306 ਦਾ ਪਰਚਾ ਦਰਜ ਨਹੀਂ ਹੁੰਦਾ, ਓਨਾ ਚਿਰ ਉਹ ਸੰਘਰਸ਼ ਕਰਨਗੇ ਤੇ ਲਵਪ੍ਰੀਤ ਦੇ ਪਰਿਵਾਰ ਦਾ ਸਾਥ ਦੇਣਗੇ।

ਕੀ ਸੀ ਪੂਰਾ ਮਾਮਲਾ

ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਮੁਤਾਬਕ ਸਾਲ 2018 ‘ਚ ਲਵਪ੍ਰੀਤ ਸਿੰਘ ਦੀ ਖੁੱਡੀ ਕਲਾਂ ਦੀ ਰਹਿਣ ਵਾਲੀ ਬੇਅੰਤ ਕੌਰ ਨਾਲ ਮੰਗਣੀ ਹੋਈ ਸੀ। ਬੇਅੰਤ ਕੌਰ ਕੈਨੇਡਾ ਚਲੇ ਗਈ ਸੀ। ਸਹੁਰਿਆਂ ਨੇ ਨੂੰਹ ਨੂੰ ਕੈਨੇਡਾ ਭੇਜਣ ‘ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਸਨ। ਇਕ ਸਾਲ ਬਾਅਦ ਬੇਅੰਤ ਕੌਰ ਦੇ ਕੈਨੇਡਾ ਤੋਂ ਪਰਤਣ ਤੋਂ ਬਾਅਦ ਉਸ ਨੇ 2019 ਵਿੱਚ ਲਵਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ।

ਵਿਆਹ ਤੋਂ ਬਾਅਦ ਬੇਅੰਤ ਕੌਰ ਫਿਰ ਕੈਨੇਡਾ ਚਲੀ ਗਈ। ਇਸ ਦੌਰਾਨ ਉਸ ਨੇ ਲਵਪ੍ਰੀਤ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਲਵਪ੍ਰੀਤ ਨੂੰ ਕੈਨੇਡਾ ਬੁਲਾਉਣ ਬਾਰੇ ਟਾਲਮਟੋਲ ਕਰਨ ਲੱਗੀ, ਜਿਸ ਕਾਰਨ ਲਵਪ੍ਰੀਤ ਲੰਬੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਵਿਚ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਸੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)