ਮਾਨਸਾ| ਅੱਜ ਦਾ ਦਿਨ ਉਹ ਮਨਹੂਸ ਦਿਨ ਹੈ, ਜਦੋਂ ਪੰਜਾਬ ਤੇ ਜ਼ਿਲ੍ਹਾ ਮਾਨਸਾ ਦਾ ਨਾਂ ਪੂਰੀ ਦੁਨੀਆਂ ਵਿਚ ਚਮਕਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਜ਼ਰੀਏ ਪੱਗ ਨੂੰ ਪੂਰੀ ਦੁਨੀਆਂ ਵਿਚ ਮਸ਼ਹੂਰ ਕੀਤਾ ਸੀ। ਉਸਦਾ ਪੱਟ ‘ਤੇ ਥਾਪੀ ਮਾਰਨ ਵਾਲੇ ਸਟਾਈਲ ਨੂੰ ਅੱਜ ਵੀ ਜ਼ਿਆਦਾਤਰ ਪੰਜਾਬੀ ਸਿੰਗਰ ਕਾਪੀ ਕਰਦੇ ਹਨ। ਸਿੱਧੂ ਮੂਸੇਵਾਲਾ ਨੇ ਆਪਣੀ 28 ਸਾਲਾਂ ਦੀ ਉਮਰ ਵਿਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜਿਸਨੂੰ ਹਾਸਲ ਕਰਨ ਲਈ ਲੋਕਾਂ ਦੀਆਂ ਉਮਰਾਂ ਲੰਘ ਜਾਂਦੀਆਂ ਹਨ।

ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਕਲਮ ਵਿਚ ਅਜਿਹਾ ਜਾਦੂ ਸੀ ਕਿ ਉਸਦੇ ਲਿਖੇ ਕਈ ਗੀਤ ਅੱਜ ਵੀ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਉਸਦਾ ਲਿਖਿਆ ਤੇ ਗਾਇਆ ‘ਟੈਟੂ’ ਗੀਤ ਵੀ ਕਮਾਲ ਦਾ ਸੀ, ਜਿਸ ਵਿਚ ਉਸਨੇ ਇਕ ਤਰ੍ਹਾਂ ਨਾਲ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਸੀ। ਟੈਟੂ ਗੀਤ ਦੇ ਬੋਲ ਮੇਰੇ ਯਾਰਾਂ ਦੇ ਬਾਹਾਂ ‘ਤੇ ਮੇਰੇ ਟੈਟੂ ਹੋਣਗੇ, ਬਿਲਕੁਲ ਸੱਚ ਸਾਬਿਤ ਹੋਏ ਹਨ।

ਉਸਦੀ ਲਿਖਤ ਵਿਚੋਂ ਨਿਕਲਿਆ ਗੀਤ ਲਾਸਟ ਰਾਈਡ ਸੱਚਮੁੱਚ ਹੀ ਉਸਦਾ ਆਖਰੀ ਸਫਰ ਸਿੱਧ ਹੋਇਆ। ਇਹ ਗੀਤ ਉਸਦਾ ਜਿਊਂਦੇ ਜੀਅ ਗਾਇਆ ਆਖਰੀ ਗੀਤ ਸੀ। ਇਸ ਗੀਤ ਨੂੰ ਸਿੱਧੂ ਨੇ ਇਸ ਤਰ੍ਹਾਂ ਲਿਖਿਆ ਸੀ ਜਿਵੇਂ ਸਿੱਧੂ ਨੂੰ ਹੋਣ ਵਾਲੀਆਂ ਘਟਨਾਵਾਂ ਦਾ ਇਲਮ ਹੋ ਗਿਆ ਹੋਵੇ। ਉਸਦਾ ਬੁਲੰਦੀਆਂ ਨੂੰ ਛੂਹਣ ਵਾਲਾ ਗੀਤ 295 ਉਸਦੀ ਕਲਮ ਦੀ ਪ੍ਰਪੱਕਤਾ ਨੂੰ ਬਿਆਨ ਕਰਦਾ ਸੀ। ਛੋਟੀ ਜਿਹੀ ਉਮਰੇ ਇਸ ਤਰ੍ਹਾਂ ਦੀ ਸੋਚ, ਵਾਕਿਆ ਹੀ ਬਾਕਮਾਲ ਸੀ।

ਸ਼ੂਟਿੰਗ ਰੇਂਜ ਵਿਚ ਏਕੇ 47 ਨਾਲ ਨਿਸ਼ਾਨੇਬਾਜ਼ੀ ਕਰਦਿਆਂ ਵਾਇਰਲ ਹੋਈ ਵੀਡੀਓ ਪਿੱਛੋਂ ਉਸ ਨਾਲ ਕਈ ਵਿਵਾਦ ਜੁੜੇ ਸਨ ਪਰ ਫਿਰ ਵੀ ਸਿੱਧੂ ਨੇ ਇਸ ਸਭ ਦੀ ਪ੍ਰਵਾਹ ਨਾ ਕਰਦਿਆਂ ਜ਼ਮਾਨਤ ਮਿਲਦਿਆਂ ਹੀ ‘ਸੰਜੂ’ ਗੀਤ ਗਾ ਕੇ ਆਪਣੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ।

ਕਿਸਾਨੀ ਸੰਘਰਸ਼ਾਂ ਵੇਲੇ ਉਸਦਾ ਲਿਖਿਆ ਤੇ ਗਾਇਆ ਗੀਤ ‘ਪੰਜਾਬ ਬੋਲਦਾ’ ਵੀ ਨੌਜਵਾਨਾਂ ਵਿਚ ਜੋਸ਼ ਭਰਦਾ ਸੀ। ਉਸਦੇ ਮਰਨ ਪਿੱਛੋਂ ਰਿਲੀਜ਼ ਹੋਏ ਗੀਤ ‘SYL’ ਨੇ ਤਾਂ ਸਫਲਤਾ ਦੇ ਜਿਵੇਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਹੋਣ। ਇਸ ਗਾਣੇ ਦੇ ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਵਿਚ ਇਸਨੂੰ ਮਿਲੀਅਨਜ਼ ਵਿਊਜ਼ ਮਿਲੇ ਸਨ। ਉਸਦੇ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਆਪਣੇ ਗੀਤਾਂ ਵਿਚ ਇਕੱਲੇ ਅਸਲੇ ਹੀ ਨਹੀਂ, ਮਸਲੇ ਵੀ ਚੁੱਕਦਾ ਸੀ। ਉਹ ਆਪਣੇ ਗੀਤਾਂ ਵਿਚ ਪੰਜਾਬ ਸੂਬੇ ਤੇ ਉਸ ਨਾਲ ਜੁੜੇ ਭਖਦੇ ਮਸਲਿਆਂ ਨੂੰ ਬੜੀ ਹੀ ਸੰਜੀਦਗੀ ਨਾਲ ਚੁੱਕਿਆ ਕਰਦਾ ਸੀ।

ਭਾਵੇਂ ਸਿੱਧੂ ਦੇ ਕਰੋੜਾਂ ਚਾਹੁਣ ਵਾਲੇ ਸਨ ਪਰ ਉਸਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਸੀ। ਸਿੱਧੂ ਜਦੋਂ ਤੱਕ ਲਿਖਦਾ ਤੇ ਗਾਉਂਦਾ ਰਿਹਾ, ਕੋਈ ਨਾ ਕੋਈ ਵਿਵਾਦ ਉਸਦੇ ਨਾਲ ਜੁੜਿਆ ਹੀ ਰਿਹਾ। ਇਸ ਲਈ ਸ਼ਾਇਦ ਸਿੱਧੂ ਨੇ ਆਪਣੇ ਇਕ ਗੀਤ “ਕਦੇ ਨਾਂ ਥਾਣੇ ਕਦੇ ਹੁੰਦਾ ਬਿਲਬੋਰਡ ‘ਤੇ” ਵਿਚ ਇਸ ਗੱਲ ਦਾ ਜ਼ਿਕਰ ਆਪ ਹੀ ਕਰ ਦਿੱਤਾ ਸੀ ਕਿ ਵਿਵਾਦ ਤੇ ਪ੍ਰਸਿੱਧੀ ਹਮੇਸ਼ਾ ਉਸਦੇ ਨਾਲ-ਨਾਲ ਰਹਿਣਗੇ।