ਅੰਮ੍ਰਿਤਸਰ, 19 ਜੁਲਾਈ। ਅੱਜ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਤੇ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਘਰ ਮੱਥਾ ਟੇਕਿਆ ਤੇ ਰਸਭਿੰਨੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਪਾਵਨ ਪਵਿਤਰ ਦਿਹਾੜੇ ਮੌਕੇ ਜਿੱਥੇ ਸੰਗਤਾਂ ਨੂੰ ਵਧਾਈ ਦਿੱਤੀ ਗਈ, ਉੱਥੇ ਹੀ ਸੰਗਤਾਂ ਦੇ ਪਹੁੰਚਣ ‘ਤੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਗੁਰੂ ਘਰ ਆਈਆਂ ਸੰਗਤਾਂ ਨੇ ਕਿਹਾ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਮਨ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਹੈ। ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰੀਆਂ ਭਰ ਰਹੀਆ ਹਨ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੁਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਤੰਗੀ ਨਾ ਆਵੇ।
ਸੰਗਤਾਂ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਗੁਰੂ ਘਰ ਪਹੁੰਚ ਰਹੀਆਂ ਹਨ ਤੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੀਵਨੀ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਗੁਰੁ ਜੀ 5 ਸਾਲ ਦੀ ਉਮਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਵਨ ਪਵਿੱਤਰ ਗੱਦੀ ਦੇ ਮਾਲਕ ਬਣੇ ਤੇ 3 ਸਾਲ ਤਕ ਉਸ ਗੱਦੀ ‘ਤੇ ਬਿਰਾਜਮਾਨ ਰਹੇ। ਇਸ ਅਰਸੇ ‘ਚ ਉਨ੍ਹਾਂ ਬਹੁਤ ਮਹਾਨ ਕਾਰਜ ਕੀਤੇ। ਮਨੁੱਖਤਾ ਦੀ ਭਲਾਈ ਵਾਸਤੇ ਕਈ ਕਾਰਜ ਕੀਤੇ।
ਰਹਿਤ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਦਾ ਫਲਸਫ਼ਾ ਸਿਖਾਇਆ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਦੀ ਧਰਤੀ ਤੇ ਵੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਸਮੁੱਚੀ ਸਿੱਖ ਨਾਨਕ ਨਾਮਲੇਵਾ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਰਾਤ ਨੂੰ ਦੀਪਮਾਲਾ ਵੀ ਕੀਤੀ ਜਾਵੇਗੀ।