ਖੰਨਾ, 31 ਦਸੰਬਰ | ਖੰਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਦੀ ਗ੍ਰਿਫ਼ਤ ਵਿਚੋਂ ਇਕ ਚੋਰ ਫਰਾਰ ਹੋ ਗਿਆ। ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਦੋਸ਼ੀ ਪੁਲਿਸ ਟੀਮ ਨੂੰ ਚਕਮਾ ਦੇ ਕੇ ਹੱਥਕੜੀ ਖੋਲ੍ਹ ਕੇ ਭੱਜ ਗਿਆ, ਜਦੋਂ ਉਹ ਭੱਜਿਆ, ਉਸ ਵੇਲੇ ਇਕ ਮਹਿਲਾ ਸਬ-ਇੰਸਪੈਕਟਰ, ਇਕ ਏਐੱਸਆਈ ਸਮੇਤ ਤਿੰਨ ਤੋਂ ਚਾਰ ਪੁਲਿਸ ਮੁਲਾਜ਼ਮ ਇਨ੍ਹਾਂ ਨੂੰ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਲਿਆਏ ਸਨ।

ਉਹ ਸਿਵਲ ਹਸਪਤਾਲ ਦੇ ਪਿੱਛੇ ਛੋਟੇ ਗੇਟ ਰਾਹੀਂ ਬਾਜ਼ਾਰਾਂ ਵਿਚੋਂ ਭੱਜ ਗਿਆ ਅਤੇ ਮੁੜ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆਇਆ। ਉਸ ਦੇ ਭੱਜਣ ਦੀ ਫੁਟੇਜ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ‘ਚ ਦਿਸ ਰਿਹਾ ਹੈ ਕਿ ਦੋਸ਼ੀ ਕਾਫੀ ਫੁਰਤੀ ਨਾਲ ਭੱਜਿਆ।
ਘਟਨਾ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ, ਸਿਟੀ ਥਾਣੇ ਦੇ ਐਸਐਚਓ ਹੇਮੰਤ ਮਲਹੋਤਰਾ ਅਤੇ ਸੀਆਈਏ ਸਟਾਫ਼ ਅਤੇ ਸਪੈਸ਼ਲ ਬਰਾਂਚ ਦੀਆਂ ਟੀਮਾਂ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਥਾਣਾ ਸਿਟੀ ਦੀ ਪੁਲਿਸ ਨੇ ਸਾਹਿਲ ਅਤੇ ਰਾਜਾ ਨੂੰ ਨੰਦੀ ਕਾਲੋਨੀ ਦੇ ਇਕ ਘਰ ਵਿਚ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਰਿਮਾਂਡ ‘ਤੇ ਹਨ। ਸ਼ਨੀਵਾਰ ਨੂੰ ਸਾਹਿਲ, ਰਾਜਾ ਸਮੇਤ ਤਿੰਨ ਮੁਲਜ਼ਮਾਂ ਅਤੇ ਇਕ ਹੋਰ ਮਾਮਲੇ ਦੇ ਦੋਸ਼ੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਸਾਹਿਲ ਅਤੇ ਉਸ ਦੇ ਸਾਥੀ ਰਾਜਾ ਨੂੰ ਹੱਥਕੜੀ ਲੱਗੀ ਹੋਈ ਸੀ। ਸਾਹਿਲ ਨੇ ਕਿਸੇ ਤਰ੍ਹਾਂ ਹੱਥਕੜੀ ਖੋਲ੍ਹੀ ਅਤੇ ਭੱਜ ਗਿਆ।