ਨਵੀਂ ਦਿੱਲੀ, 2 ਨਵੰਬਰ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੀ ਬਜਾਏ, ਕੇਜਰੀਵਾਲ ਨੇ ਈਡੀ ਨੂੰ ਪੱਤਰ ਭੇਜ ਕੇ ਸੰਮਨ ਵਾਪਸ ਲੈਣ ਲਈ ਕਿਹਾ।

ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਮੈਨੂੰ ਸੰਮਨ ‘ਚ ਇਹ ਨਹੀਂ ਦੱਸਿਆ ਕਿ ਮੈਂ ਸ਼ੱਕੀ ਹਾਂ ਜਾਂ ਗਵਾਹ। ਈਡੀ ਦੇ ਸੂਤਰਾਂ ਮੁਤਾਬਕ ਜਾਂਚ ਏਜੰਸੀ ਕੇਜਰੀਵਾਲ ਨੂੰ ਨਵਾਂ ਸੰਮਨ ਜਾਰੀ ਕਰ ਸਕਦੀ ਹੈ।

ਈਡੀ ਨੇ 30 ਅਕਤੂਬਰ ਨੂੰ ਕੇਜਰੀਵਾਲ ਨੂੰ ਪੁੱਛਗਿੱਛ ਲਈ ਆਉਣ ਲਈ ਸੰਮਨ ਭੇਜਿਆ ਸੀ। ਇਸ ਸਬੰਧੀ ਅੱਜ ਸਵੇਰੇ ਕਰੀਬ 9 ਵਜੇ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜ ਕੇ ਕਿਹਾ ਸੀ ਕਿ ਇਹ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।

ਇਸ ਤੋਂ ਬਾਅਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੱਧ ਪ੍ਰਦੇਸ਼ ਦੇ ਸਿੰਗਰੌਲੀ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਰੋਡ ਸ਼ੋਅ ਅਤੇ ਰੈਲੀ ਵਿੱਚ ਹਿੱਸਾ ਲਿਆ।