ਚੰਡੀਗੜ੍ਹ . ਕਰਤਾਰਪੁਰ ਸਾਹਿਬ ਜਾਣ ਵਾਲੇ ਰਾਹ ਨੂੰ ਮਾਨਸੂਨ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਲੈਂਡਪੋਰਟ ਅਥਾਰਿਟੀ ਨੂੰ ਖਦਸ਼ਾ ਸੀ ਕਿ ਬਰਸਾਤ ਦੌਰਾਨ ਰਾਵੀ ਦਾ ਪੱਧਰ ਵਧਣ ਕਾਰਨ ਪਾਣੀ ਯਾਤਰੀ ਟਰਮੀਨਲ ‘ਚ ਦਾਖਲ ਹੋ ਸਕਦਾ ਹੈ। ਇਸੇ ਲਈ ਮਿੱਟੀ ਤੇ ਰੇਤ ਦੀਆਂ ਭਰੀਆਂ ਬੋਰੀਆਂ ਨਾਲ ਰਾਹ ਬੰਦ ਕੀਤਾ ਗਿਆ।
ਹਰ ਸਾਲ ਮੌਨਸੂਨ ਦੌਰਾਨ ਰਾਵੀ ਦਾ ਪਾਣੀ ਧੁੱਸੀ ਬੰਨ੍ਹ ਤੇ ਜ਼ੀਰੋ ਲਾਈਨ ‘ਤੇ ਲੱਗੀ ਕੰਡਿਆਲੀ ਤਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਯਾਤਰੀ ਟਰਮੀਨਲ ਤੋਂ ਜ਼ੀਰੋ ਲਾਈਨ ਤਕ ਜਾਣ ਵਾਲੇ ਅਸਥਾਈ ਰਾਹ ਨੂੰ ਬਰਸਾਤ ਦੇ ਕਾਰਨ ਬੋਰੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਨ ਕਰਤਾਰਪੁਰ ਸਾਹਿਬ ਗੁਰਦੁਆਰਾ ਵੀ ਬੰਦ ਕੀਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਹਾਲ ਹੀ ‘ਚ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਖੋਲ੍ਹਣ ਦੀ ਗੱਲ ਆਖੀ ਗਈ ਸੀ। ਇੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਪਾਕਿਸਤਾਨ ਦਾ ਸ਼ਗੂਫਾ ਕਰਾਰ ਦਿੱਤਾ ਸੀ।