ਕਪੂਰਥਲਾ/ਨਡਾਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਤੰਗ ਆ ਕੇ ਥਾਣਾ ਢਿਲਵਾਂ ਦੇ ਪਿੰਡ ਭੰਡਾਲ ਬੇਟ ਦੇ ਬੱਸ ਸਟੈਂਡ ‘ਤੇ ਜੂਸ ਦੀ ਦੁਕਾਨ ਚਲਾ ਰਹੇ ਨੌਜਵਾਨ ਨੇ ਜਾਨ ਦੇ ਦਿੱਤੀ। ਢਿਲਵਾਂ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਮ੍ਰਿਤਕ ਦੀ ਪਛਾਣ 25 ਸਾਲ ਦੇ ਬਲਕਾਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਭੰਡਾਲ ਬੇਟ ਵਜੋਂ ਹੋਈ ਹੈ।

ਮ੍ਰਿਤਕ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ 3 ਭਰਾ ਹਨ। ਮਾਪਿਆਂ ਦੀ ਮੌਤ ਹੋ ਚੁੱਕੀ ਹੈ। ਛੋਟਾ ਭਰਾ ਬਲਕਾਰ ਸਿੰਘ ਕੁਆਰਾ ਸੀ ਤੇ ਉਸ ਨਾਲ ਹੀ ਰਹਿੰਦਾ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਪਿੰਡ ਦੇ ਬੱਸ ਸਟੈਂਡ ’ਤੇ ਜੂਸ ਦੀ ਦੁਕਾਨ ਖੋਲ੍ਹੀ ਸੀ। ਦੁਕਾਨ ਲਈ ਮਸ਼ੀਨਾਂ ਅਤੇ ਨਵੀਂ ਬਾਈਕ ਲੋਨ ‘ਤੇ ਲਈ ਸੀ ਪਰ ਕੰਮ ਨਹੀਂ ਚੱਲ ਰਿਹਾ ਸੀ।

ਸ਼ਾਮ ਨੂੰ ਉਸ ਨੇ ਘਰ ਵਿਚ ਖੌਫਨਾਕ ਕਦਮ ਚੁੱਕ ਲਿਆ। ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਮਕਸੂਦਾਂ ਲੈ ਕੇ ਗਏ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਢਿਲਵਾਂ ਦੇ ਜਾਂਚ ਅਧਿਕਾਰੀ ਮੂਰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਭੰਡਾਲ ਬੇਟ ਦੇ ਨੌਜਵਾਨ ਨੇ ਕੁਝ ਖਾ ਲਿਆ ਹੈ। ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਦੇ ਵੱਡੇ ਭਰਾ ਅਵਤਾਰ ਸਿੰਘ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ