ਕਪੂਰਥਲਾ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਤਰਫਹਾਜ਼ੀ ਵਿਚ 16 ਅਕਤੂਬਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਮ੍ਰਿਤਕਾ ਦੇ ਭਾਣਜੇ ਨੇ ਹੀ ਕੀਤਾ ਸੀ। ਚੋਰੀ ਦੀ ਨੀਅਤ ਨਾਲ ਘਰ ਵਿਚ ਵੜਿਆ ਤਾਂ ਮਾਸੀ ਨੇ ਭਾਣਜੇ ਨੂੰ ਪਛਾਣ ਲਿਆ। ਇਸਦੇ ਬਾਅਦ ਉਸਨੇ ਮਾਸੀ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਥਾਣਾ ਸੁਲਤਾਨਪੁਰ ਲੋਧੀ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ।
ਡੀਐਸਪੀ ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਤੇ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ 16 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਸੁਖਵਿੰਦਰ ਸਿੰਘ ਵਾਸੀ ਤਰਫਹਾਜ਼ੀ ਦੇ ਵੱਡੇ ਭਰਾ ਜਰਨੈਲ ਸਿੰਘ ਵਾਸੀ ਤਰਫਹਾਜ਼ੀ ਦੇ ਘਰ ਵਿਚ ਵੜ ਕੇ ਮਾਤਾ ਹਰਬੰਸ ਕੌਰ ਦਾ ਘਰ ਦੇ ਵਰਾਂਡੇ ਵਿਚ ਸੁੱਤੇ ਪਿਆਂ ਦਾ ਕੱਪੜੇ ਨਾਲ ਹੱਥ-ਪੈਰ ਬੰਨ੍ਹ ਕੇ ਤੇ ਮੂੰਹ ਵਿਚ ਰੁਮਾਲ ਠੂਸ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਆਰੋਪੀਆਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਦੌਰਾਨ ਏਐੱਸਆਈ ਜਸਪਾਲ ਸਿੰਘ ਨੇ ਮੁਖਬਿਰ ਖਾਸ ਦੀ ਸੂਚਨਾ ਉਤੇ ਅਮਨਦੀਪ ਸਿੰਘ ਅਮਨ ਵਾਸੀ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ। ਪੁਛਿਗੱਛ ਵਿਚ ਆਰੋਪੀ ਅਮਨਦੀਪ ਸਿੰਘ ਉਰਫ ਅਮਨ ਨੇ ਦੱਸਿਆ ਕਿ ਉਹ ਆਪਣੇ ਤਿੰਨ ਸਾਥੀਆਂ ਨਾਲ ਮਾਸੀ ਹਰਬੰਸ ਕੌਰ ਦੇ ਘਰ ਚੋਰੀ ਦੀ ਨੀਅਤ ਨਾਲ ਗਿਆ ਸੀ। ਜਿਥੇ ਮਾਸੀ ਨੇ ਉਨ੍ਹਾਂ ਨੂੰ ਪਛਾਣ ਲਿਆ। ਇਹੀ ਕਾਰਨ ਹੈ ਕਿ ਉਸਨੇ ਤੇ ਉਸਦੇ ਤਿੰਨ ਹੋਰ ਸਾਥੀਆਂ ਨੇ ਹਰਬੰਸ ਕੌਰ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਆਰੋਪੀ ਵੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।