ਕਪੂਰਥਲਾ, 28 ਜਨਵਰੀ | ਸੱਸ ਤੇ ਸਹੁਰਾ ਹੀ ਨੂੰਹ ਦੇ ਕਾਤਲ ਨਿਕਲੇ ਹਨ। ਐਨਆਰਆਈ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਐਫਡੀ ਦੇ ਪੈਸਿਆਂ ਦੀ ਖਾਤਿਰ ਕਤਲ ਕੀਤਾ ਤੇ ਹੁਣ ਸੱਸ ਤੇ ਸਹੁਰਾ ਦੋਵੇਂ ਗ੍ਰਿਫਤਾਰ ਕਰ ਲਏ ਹਨ। ਅਮਰੀਕਾ ‘ਚ ਰਹਿੰਦੇ ਪੁੱਤਰ ਖਿਲਾਫ ਵੀ 302 ਤਹਿਤ FIR ਦਰਜ ਕੀਤੀ ਗਈ ਹੈ। ਮ੍ਰਿਤਕਾ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸ ਦਈਏ ਕਿ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਐਨਆਰਆਈ ਔਰਤ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ ਸੀ। ਪੋਸਟਮਾਰਟਮ ਤੋਂ ਬਾਅਦ ਭਾਰਤ ਆਈ ਮ੍ਰਿਤਕਾ ਦੀ ਮਾਂ ਨੇ ਸਹੁਰਿਆਂ ‘ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕਾ ਦੀ ਮਾਤਾ ਨਿਰਮਲ ਕੌਰ ਪਤਨੀ ਜਰਨੈਲ ਸਿੰਘ ਨੇ ਦੱਸਿਆ ਸੀ ਕਿ ਉਹ ਪਿੰਡ ਮੋਖੇਵਾਲ ਥਾਣਾ ਬਿਲਗਾ ਜ਼ਿਲਾ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਹੁਣ ਯੂਕੇ ਵਿਚ ਰਹਿੰਦੀ ਹੈ। ਉਸ ਦੀ ਲੜਕੀ ਰਾਜਦੀਪ ਕੌਰ ਦਾ ਵਿਆਹ 9 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਅਤੇ ਜਵਾਈ ਅਮਰੀਕਾ ਵਿਚ ਰਹਿੰਦੇ ਹਨ ਅਤੇ ਦੋਵਾਂ ਦਾ ਇਕ 5 ਸਾਲ ਦਾ ਬੱਚਾ ਹੈ, ਜੋ ਅਮਰੀਕਾ ਵਿਚ ਉਨ੍ਹਾਂ ਨਾਲ ਰਹਿੰਦਾ ਹੈ।

ਨਿਰਮਲ ਕੌਰ ਦੀ ਸ਼ਿਕਾਇਤ ਮੁਤਾਬਕ ਉਸ ਨੂੰ ਜਵਾਈ ਮਨਜਿੰਦਰ ਸਿੰਘ ਦਾ ਫੋਨ ਆਇਆ ਸੀ ਕਿ ਰਾਜਦੀਪ ਕੌਰ ਗੱਲ ਨਹੀਂ ਕਰ ਰਹੀ। ਇਸ ਲਈ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਹਨ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਰਾਜਦੀਪ ਕੌਰ 12 ਜਨਵਰੀ ਨੂੰ ਆਪਣੇ ਸਹੁਰੇ ਪਰਿਵਾਰ ਵਿਆਹ ਸਮਾਗਮ ਲਈ ਆਪਣੇ ਪੰਜ ਸਾਲ ਦੇ ਬੱਚੇ ਨਾਲ ਭਾਰਤ ਆਈ ਸੀ।

ਉਸ ਨੇ ਪਹਿਲਾਂ ਹੀ ਦੋਸ਼ ਲਾਇਆ ਸੀ ਕਿ ਉਸ ਦੇ ਸਹੁਰੇ ਪਰਿਵਾਰ ਨੇ ਮਿਲੀਭੁਗਤ ਨਾਲ ਉਸ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ। ਜਦੋਂਕਿ ਭਾਰਤ ਵਿਚ ਸਹੁਰੇ ਪਰਿਵਾਰ ਵਿਚ ਕੋਈ ਨਹੀਂ ਸੀ, ਸਗੋਂ ਉਸ ਦੇ ਜਵਾਈ, ਸੱਸ ਅਤੇ ਸਹੁਰੇ ਨੇ ਮਿਲ ਕੇ ਪਲਾਨਿੰਗ ਕਰਕੇ ਉਸ ਨੂੰ ਭਾਰਤ ਬੁਲਾ ਲਿਆ ਅਤੇ ਮਾਰ ਦਿੱਤਾ ਹੈ।