ਕਪੂਰਥਲਾ| ਸ਼ਹਿਰ ਦੇ ਸੁੰਦਰ ਨਗਰ ਇਲਾਕੇ ‘ਚ ਸ਼ਨੀਵਾਰ ਦੇਰ ਰਾਤ ਸ਼ਰਾਬ ਦੇ ਤਸਕਰਾਂ ਨੇ ਇਕ ਸ਼ਰਾਬ ਦੇ ਠੇਕੇਦਾਰ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਅਧਿਕਾਰੀ ਰਾਹੁਲ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਠੇਕੇਦਾਰ ਰਿੱਕੀ ਵਾਲੀਆ ਮੌਕੇ ‘ਤੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ‘ਤੇ ਸਿੱਧੀ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਵਾਲ਼-ਵਾਲ਼ ਬਚ ਗਿਆ।

ਸ਼ਰਾਬ ਦੇ ਠੇਕੇਦਾਰ ਰਿੱਕੀ ਵਾਲੀਆ ਨੇ ਦੱਸਿਆ ਕਿ ਬੀਤੀ ਰਾਤ 9.30 ਵਜੇ ਦੇ ਕਰੀਬ ਉਹ ਅੰਮ੍ਰਿਤਸਰ ਰੋਡ ’ਤੇ ਪੈਟਰੋਲ ਪੰਪ ’ਤੇ ਖੜ੍ਹਾ ਸੀ ਤਾਂ ਉਸ ਨੇ ਆਪਣੇ ਸੇਵਾਦਾਰ ਰਾਹੁਲ ਕੁਮਾਰ ਵਾਸੀ ਸ਼ੇਖੂਪੁਰ ਨੂੰ ਘਰ ਜਾਣ ਲਈ ਕਿਹਾ। ਘਰ ਜਾਂਦੇ ਸਮੇਂ ਰਾਹੁਲ ਜਦੋਂ ਸੁੰਦਰ ਨਗਰ ਨੇੜੇ ਪਹੁੰਚਿਆ ਤਾਂ ਚਾਰ ਸ਼ਰਾਬ ਤਸਕਰਾਂ ਨੇ ਉਸ ਨੂੰ ਰੋਕ ਲਿਆ, ਹੱਥ-ਪੈਰ ਬੰਨ੍ਹ ਕੇ ਕੁੱਟਮਾਰ ਕੀਤੀ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਉਸ ਦੇ ਗਲੇ ਵਿੱਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।