ਜਲੰਧਰ। ਜਲੰਧਰ ਵਿਚ ਬਾਬੂ ਜਗਜੀਵਨ ਰਾਮ ਚੌਕ ਬਸਤੀ ਗੁਜਾਂ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਚ ਖੂਨ ਦੀਆਂ ਉਲਟੀਆਂ ਆਉਣ ਦੇ ਬਾਅਦ 48 ਸਾਲਾ ਸ਼ੇਰ ਸਿੰਘ ਨੇ ਡਿਗਣ ਦੇ ਬਾਅਦ ਗੇਟ ਉਤੇ ਹੀ ਦਮ ਤੋੜ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨਾ ਤਾਂ ਡਾਕਟਰ ਦੇਖਣ ਆਏ ਤੇ ਨਾ ਹੀ ਸਟਾਫ ਨੇ ਚੁੱਕਿਆ।

ਮ੍ਰਿਤਕ ਸ਼ੇਰ ਸਿੰਘ ਵਾਸੀ ਬਸਤੀ ਮਿੱਠੂ ਦੇ ਪੁੱਤਰ ਸਤਨਾਮ ਸਿੰਘ, ਪਤਨੀ ਬੀਨਾ ਰਾਣੀ ਤੇ ਭੈਣ ਬੇਬੀ ਰਾਣੀ ਨੇ ਦੱਸਿਆ ਕਿ ਸ਼ੇਰ ਸਿੰਘ ਮੀਟ ਦੀ ਦੁਕਾਨ ਚਲਾਉਂਦੇ ਸਨ ਤੇ ਰੋਜਾਨਾ ਦੇ ਕੰਮ ਕਰਨ ਤੋਂ ਬਾਅਦ ਸਵੇਰੇ 9 ਵਜੇ ਮੋਢੇ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਸਕੂਟਰ ਲੈ ਕੇ ਇਲਾਜ ਕਰਵਾਉਣ ਆਏ ਸਨ। ਇਥੇ ਡਿਊਟੀ ਉਤੇ ਮੌਜੂਦ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੇ ਉਨ੍ਹਾਂ ਦਾ ਚੈਕਅਪ ਕੀਤਾ ਤੇ ਐਕਸਰੇ ਕਰਵਾਇਆ। ਇਸਦੇ ਬਾਅਦ ਸਾਢੇ 10 ਵਜੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਡਿਗ ਪਏ ਹਨ ਤੇ ਉਨ੍ਹਾਂ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਹੈ. ਜਿਸਦੇ ਬਾਅਦ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਲਾਸ਼ ਜਮੀਨ ਉਤੇ ਹੀ ਪਈ ਸੀ, ਕਿਸੇ ਨੇ ਵੀ ਉਨ੍ਹਾਂ ਨੂੰ ਚੁੱਕ ਕੇ ਨਹੀਂ ਦੇਖਿਆ।

ਗੇਟ ਦੇ ਕੋਲ ਹੀ ਰਜਿਸਟ੍ਰੇਸ਼ਨ ਕਾਊਂਟਰ ਹੈ, ਜਿਥੇ ਪਰਚੀਆਂ ਕੱਟੀਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਫਾਰਮੇਸੀ ਹੈ, ਉਥੇ ਸਟਾਫ ਦੇਖਦਾ ਰਿਹਾ ਪਰ ਕਿਸੇ ਨੇ ਵੀ ਚੁੱਕਿਆ ਨਹੀਂ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ੇਰ ਸਿੰਘ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਇਸ ਤੋਂ ਬਾਅਦ ਮਾਹੌਲ ਵਿਗੜਦਾ ਦੇਖ ਕੇ ਡਾਕਟਰ ਤਰਸੇਮ ਡਿਊਟੀ ਤੋਂ ਭੱਜ ਗਿਆ। ਇਸਦੇ ਬਾਅਦ ਕਈ ਪਾਰਟੀਆਂ ਦੇ ਨੁਮਾਇੰਦੇ ਪੁੱਜੇ ਤੇ ਕਾਫੀ ਖਿੱਚੋਤਾਣ ਦੇ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਤੇ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ਕਰਨ ਦਾ ਕਹਿ ਕੇ ਧਰਨੇ ਉਤੇ ਬੈਠ ਗਏ।

5 ਘੰਟੇ ਤੱਕ ਲਾਸ਼ ਹਸਪਤਾਲ ਦੇ ਗੇਟ ਦੇ ਬਾਹਰ ਪਈ ਰਹੀ। ਦੇਖਣ ਵਾਲਿਆਂ ਅਨੁਸਾਰ ਡਾਕਟਰ ਕਹਿ ਰਿਹਾ ਸੀ ਕਿ ਕਾਲੇ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ ਤੇ ਡਿਗਦੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਬੇਟੇ ਦਾ ਕਹਿਣਾ ਹੈ ਕਿ ਡਾਕਟਰ ਤੇ ਸਟਾਫ ਨੇ ਇਨਸਾਨੀਅਤ ਨਹੀਂ ਦਿਖਾਈ, ਦਿਖਾਈ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੇ ਪਿਤਾ ਦੀ ਜਾਨ ਬਚ ਜਾਂਦੀ

ਸਿਹਤ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

ਡਾ. ਪ੍ਰਭਾਕਰ ਬੋਲੇ-ਮੋਢੇ ਵਿਚ ਦਰਦ ਦੀ ਸ਼ਿਕਾਇਤ ਸੀ, ਹੋ ਸਕਦਾ ਹੈ ਕਿ ਹਾਰਟ ਅਟੈਕ ਆਇਆ ਹੋਵੇ। ਮਹਿਕਮੇ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।