ਜਲੰਧਰ | ਨਕੋਦਰ ਸ਼ਹਿਰ ਦੇ ਇਕ ਨੌਜਵਾਨ ਨੇ ਅਮਰੀਕਾ ਦੇ ਨਿਊਜਰਸੀ ਦੇ ਵੈਸਟ ਕਾਰਟਰੇਟ ਸੈਕਸ਼ਨ ‘ਚ ਨੂਰ ਮਹਿਲ ਦੀਆਂ ਦੋ ਚਚੇਰੀਆਂ ਭੈਣਾਂ ਨੂੰ ਗੋਲੀ ਮਾਰ ਦਿੱਤੀ। ਕੁੜੀਆਂ ਨੂੰ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਗੋਲੀ ਮਾਰ ਦਿੱਤੀ ਗਈ। ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜਰਸੀ ਪੁਲਿਸ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗੌਰਵ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਗੋਲੀ ਲੱਗਣ ਕਾਰਨ ਜਸਵੀਰ ਕੌਰ (29) ਵਾਸੀ ਨੂਰਮਹਿਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ 20 ਸਾਲਾ ਭੈਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਇਲਾਜ ਚੱਲ ਰਿਹਾ ਹੈ

ਨਿਊਜਰਸੀ ਪੁਲਿਸ ਨੇ ਲੜਕੀਆਂ ਨੂੰ ਗੋਲੀ ਮਾਰਨ ਦੇ 6 ਘੰਟੇ ਬਾਅਦ ਸਰਚ ਆਪਰੇਸ਼ਨ ਚਲਾ ਕੇ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਦੇ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ‘ਚ ਇਕੱਠੇ ਆਈਲੈਟਸ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ ‘ਤੇ ਗੋਲੀਆਂ ਚਲਾ ਦਿੱਤੀਆਂ। ਗੌਰਵ ਦਾ ਇਕ ਛੋਟਾ ਭਰਾ ਹੈ ਜੋ ਨਕੋਦਰ ‘ਚ ਰਹਿੰਦਾ ਹੈ। ਉਸ ਦੇ ਪਿਤਾ ਇਕ ਅਰਬ ਦੇਸ਼ ਵਿੱਚ ਕੰਮ ਕਰਦੇ ਹਨ ਅਤੇ ਮਾਂ ਇਕ ਘਰੇਲੂ ਔਰਤ ਹੈ।

ਜਾਣਕਾਰੀ ਮੁਤਾਬਕ ਗੌਰਵ ਦੀ ਕੁਝ ਦਿਨ ਪਹਿਲਾਂ ਜਸਵੀਰ ਅਤੇ ਉਸ ਦੀ ਚਚੇਰੀ ਭੈਣ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ‘ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।