ਜਲੰਧਰ, 17 ਦਸੰਬਰ | ਕਪੂਰਥਲਾ ਰੋਡ ‘ਤੇ ਸਥਿਤ ਬਸਤੀ ਇਬਰਾਹਿਮ ਖਾਂ ‘ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਿੰਡ ਦੇ ਸਰਪੰਚ ਭੁਪਿੰਦਰ ਦੇ ਘਰ ਆਏ ਪੀਏਪੀ ‘ਚ ਤਾਇਨਾਤ ਡੀਐੱਸਪੀ ਦਲਬੀਰ ਸਿੰਘ ਨੇ ਹਵਾ ‘ਚ ਫਾਇਰਿੰਗ ਕਰ ਦਿੱਤੀ। ਜਿਸ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ।

ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਿੰਡ ਵਾਸੀ ਡੀਐਸਪੀ ’ਤੇ ਦੁਰਵਿਵਹਾਰ ਦੇ ਦੋਸ਼ ਲਗਾ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਸਰਪੰਚ ਹੰਗਾਮਾ ਦੇਖ ਕੇ ਪਿਸਤੌਲ ਆਪਣੀ ਜੇਬ ਵਿੱਚ ਪਾ ਰਿਹਾ ਹੈ। ਇਲਜ਼ਾਮ ਲਾਏ ਜਾ ਰਹੇ ਹਨ ਕਿ ਡੀਐਸਪੀ ਦਲਬੀਰ ਸਿੰਘ ਨੇ ਡੀਡ ਰਾਈਟਰ ਦੇ ਲੜਕੇ ’ਤੇ ਗੋਲੀ ਚਲਾਈ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸ਼ਰੇਆਮ ਗੋਲੀ ਚੱਲਣ ਦੀ ਘਟਨਾ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ। ਪਿੰਡ ਵਾਸੀਆਂ ਨੇ ਡੀਐਸਪੀ ’ਤੇ ਸ਼ਰਾਬੀ ਹੋਣ ਦਾ ਦੋਸ਼ ਲਾਇਆ ਹੈ। ਕਪੂਰਥਲਾ ਰੋਡ ’ਤੇ ਪਿੰਡ ਮੰਡ ਦੇ ਨਾਲ ਲੱਗਦੇ ਬਸਤੀ ਇਬਰਾਹੀਮ ਖਾਂ ਦੇ ਵਾਸੀ ਗੁਰਮੇਜ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਘਰ ਕੋਈ ਪ੍ਰੋਗਰਾਮ ਸੀ। ਜਿੱਥੇ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਰਾਤ ਸਮੇਂ ਉਸ ਦਾ ਲੜਕਾ ਗੁਰਜੋਤ ਆਪਣੇ ਦੋਸਤਾਂ ਨਾਲ ਉਥੋਂ ਲੰਘ ਰਿਹਾ ਸੀ ਤਾਂ ਪ੍ਰੋਗਰਾਮ ’ਤੇ ਆਏ ਇਕ ਵਿਅਕਤੀ ਨੇ ਰਸਤਾ ਦੇਣ ਦੇ ਮਾਮਲੇ ’ਤੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਗੁਰਮੇਜ ਨੇ ਦੋਸ਼ ਲਾਇਆ ਕਿ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਕਹਾਉਣ ਵਾਲੇ ਵਿਅਕਤੀ ਨੇ ਰਿਵਾਲਵਰ ਕੱਢ ਲਿਆ ਅਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਮੌਜੂਦਾ ਸਰਪੰਚ ’ਤੇ ਗੰਭੀਰ ਦੋਸ਼ ਵੀ ਲਾਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਦੇ ਬਾਹਰਲੇ ਲੋਕ ਮੌਜੂਦਾ ਸਰਪੰਚ ਦੀ ਮੌਜੂਦਗੀ ‘ਚ ਗੋਲੀ ਚਲਾਉਣਗੇ ਤਾਂ ਪਿੰਡ ਦਾ ਮਾਹੌਲ ਹੀ ਵਿਗੜ ਜਾਵੇਗਾ।

ਗੁਰਮੇਜ ਅਨੁਸਾਰ ਪਿੰਡ ਦੇ ਸਰਪੰਚ ਨੇ ਉਕਤ ਵਿਅਕਤੀ ਤੋਂ ਰਿਵਾਲਵਰ ਖੋਹ ਕੇ ਆਪਣੇ ਕੋਲ ਰੱਖ ਲਿਆ। ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀਏਪੀ ਵਿੱਚ ਤਾਇਨਾਤ ਡੀਐਸਪੀ ਦਲਬੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।