ਜਲੰਧਰ | ਕੋਰੋਨਾ ਕਾਰਨ ਲੋਕਾਂ ਵਿੱਚ ਇੰਨ੍ਹਾ ਡਰ ਹੈ ਕਿ ਉਹ ਆਪਣੇ ਪਰਿਵਾਰਾਂ ਦੇ ਅੰਤਿਮ ਸੰਸਕਾਰ ਵਾਸਤੇ ਵੀ ਸਾਹਮਣੇ ਨਹੀਂ ਆ ਰਹੇ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਸਾਹਮਣੇ ਆਇਆ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਕ ਕੋਵਿਡ-19 ਪੋਜ਼ੀਟਿਵ ਮਰੀਜ਼ ਨੂੰ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅਗਲੇ ਦਿਨ ਮੌਤ ਹੋ ਗਈ। ਮਰੀਜ਼ ਦੀ ਪਹਿਚਾਨ ਨਿਰਮਲ ਸਿੰਘ (50) ਕਪੂਰਥਲਾ ਰੋਡ ਵਜੋਂ ਹੋਈ ਸੀ। ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ‘ਤੇ ਦਾਅਵਾ ਕਰਨ ਲਈ ਕੋਈ ਵੀ ਅੱਗੇ ਨਹੀਂ ਆਇਆ ਅਤੇ ਅਟੈਂਡੈਂਟਾਂ ਦਾ ਫੋਨ ਨੰਬਰ ਬੰਦ ਆਉਂਦਾ ਰਿਹਾ। ਮ੍ਰਿਤਕ ਦੇਹ ਨੂੰ ਕਰੀਬ 10 ਦਿਨ ਮੋਰਚਰੀ ਵਿੱਚ ਰੱਖਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਯਤਨ ਵੀ ਕੀਤੇ ਗਏ ਪਰ ਕੋਈ ਨਾ ਆਇਆ।

ਮ੍ਰਿਤਕ ਦੇਹ ਨੂੰ ਸਿਹਤ ਅਥਾਰਟੀ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਡਾ. ਕਾਮਰਾਜ ਦੀ ਨਿਗਰਾਨੀ ਹੇਠ ਪ੍ਰੋਟੋਕੋਲ ਅਨੁਸਾਰ ਲਪੇਟਿਆ ਗਿਆ ਅਤੇ ਫਿਰ ਸੰਸਕਾਰ ਲਈ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿਥੇ ਅਧਿਕਾਰੀਆਂ ਵੱਲੋਂ ਐਨ. ਜੀ. ਓ. ਆਖਰੀ ਉਮੀਦ ਦੇ ਨਾਲ ਸੰਸਕਾਰ ਸਬੰਧੀ ਅੰਤਿਮ ਰਸਮਾਂ ਨੂੰ ਸਨਮਾਨ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।

ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਸੰਸਕਾਰ ਲਈ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਅੱਗੇ ਨਹੀਂ ਆਉਂਦਾ ਤਾਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਪ੍ਰਸ਼ਾਸਨ ਦੇ ਕੰਟੋਰਲ ਰੂਮ ਨੰਬਰ 0181-2224417 ਅਤੇ 0181-2224848 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।