ਜਲੰਧਰ 29 ਜੁਲਾਈ 2025 । – ਪੰਜਾਬ ਸਰਕਾਰ ਵਲੋਂ ਅਪਰਾਧੀ ਤੱਤਾਂ ‘ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀ.ਆਈ.ਏ. ਸਟਾਫ ਜਲੰਧਰ ਦੀ ਅਗਵਾਈ ਹੇਠ ਵੱਡੀ ਸਫਲਤਾ ਹਾਸਲ ਕਰਦਿਆਂ ਬਦਨਾਮ ‘ਫਤਿਹ ਗਰੁੱਪ’ ਦੇ 2 ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵਲੋਂ 5 ਗੈਰ-ਕਾਨੂੰਨੀ ਪਿਸਤੌਲ, 10 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਡੀਸੀਪੀ ਇਨਵੇਸਟੀਗੇਸ਼ਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੁਕੱਦਮਾ ਨੰਬਰ 82 ਮਿਤੀ 09.07.2025 ਅਧੀਨ ਧਾਰਾ 25(1)B, 54, 59 ਆਰਮਜ਼ ਐਕਟ ਅਤੇ ਵਾਧਾ ਜੁਰਮ 21 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 2, ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ 2 ਮੁਲਜ਼ਮਾਂ, ਕਰਨਪ੍ਰੀਤ ਸਿੰਘ ਉਰਫ਼ ਗਿਆਨੀ ਉਰਫ਼ ਫਤਿਹ ਨਿਵਾਸੀ ਬੈਂਕ ਐਨਕਲੇਵ, ਖੁਰਲਾ ਕਿੰਗਰਾ, ਕੁੱਕੀ ਢਾਬ ਚੌਕ, ਥਾਣਾ ਡਵੀਜ਼ਨ ਨੰਬਰ 7, ਜਲੰਧਰ ਅਤੇ ਅਮਨ ਉਰਫ਼ ਅਮਨਾ ਨਿਵਾਸੀ ਬਾਬਾ ਕਾਹਨ ਦਾਸ ਨਗਰ, ਥਾਣਾ ਬਸਤੀ ਬਾਵਾ ਖੇਲ, ਜਲੰਧਰ ਨੂੰ ਮਿਤੀ 27.07.2025 ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿੱਚੋ 4 ਗੈਰ-ਕਾਨੂੰਨੀ ਪਿਸਤੌਲ (.32 ਬੋਰ) ਨਾਲ 08 ਜ਼ਿੰਦਾ ਰੌਂਦ, 1 ਗੈਰ-ਕਾਨੂੰਨੀ ਪਿਸਤੌਲ (.45 ਬੋਰ) ਨਾਲ 2 ਜ਼ਿੰਦਾ ਰੌਂਦ ਮਿਲਾ ਕੇ ਕੁੱਲ 5 ਗੈਰ-ਕਾਨੂੰਨੀ ਪਿਸਤੌਲ ਅਤੇ 10 ਜ਼ਿੰਦਾ ਰੌਂਦ ਸਮੇਤ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਰਨਪ੍ਰੀਤ ਸਿੰਘ ਉਰਫ਼ ਫਤਿਹ ਦੇ ਖ਼ਿਲਾਫ਼ ਆਈ.ਪੀ.ਸੀ. ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਹੇਠ 16 ਮੁਕੱਦਮੇ ਦਰਜ ਹਨ, ਜਦਕਿ ਅਮਨ ਉਰਫ਼ ਅਮਨਾ ਦੇ ਖ਼ਿਲਾਫ਼ 11 ਮੁੱਕਦਮੇ ਦਰਜ ਹਨ । ਦੋਵੇਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।