ਜਲੰਧਰ| ਥਾਣਾ ਸਦਰ-2 ਦੀ ਪੁਲਸ ਨੇ ਕਿਸ਼ਨਪੁਰਾ ਦੇ ਉਮੇਸ਼ ਗਿਰੀ ਅਤੇ ਉਸ ਦੀ ਪਤਨੀ ਦੇ ਨਾਂ ‘ਤੇ 70-70 ਹਜ਼ਾਰ ਦਾ ਕਰਜ਼ਾ ਲੈ ਕੇ ਪੈਸੇ ਦਾ ਗਬਨ ਕਰਨ ਵਾਲੇ ਏਜੰਟ ਸੰਦੀਪ ਸਿੰਘ ਵਾਸੀ ਅਮਨ ਵਿਹਾਰ ਕਾਲੋਨੀ (ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ ਹੈ।

ਸੰਦੀਪ ਖ਼ਿਲਾਫ਼ ਆਈਪੀਸੀ ਦੀ ਧਾਰਾ 402-406 ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਕਿਸ਼ਨਪੁਰਾ ਦਾ ਰਹਿਣ ਵਾਲਾ ਉਮੇਸ਼ ਗਿਰੀ 15 ਫਰਵਰੀ ਨੂੰ ਕਰਜ਼ਾ ਲੈਣ ਲਈ ਪੁਰਾਣੀ ਸਬਜ਼ੀ ਮੰਡੀ ਨੇੜੇ ਏਜੰਟ ਸੰਦੀਪ ਨੂੰ ਮਿਲਿਆ ਸੀ।

ਸੰਦੀਪ ਨੇ ਉਮੇਸ਼ ਗਿਰੀ ਅਤੇ ਉਸ ਦੀ ਪਤਨੀ ਦੇ ਨਾਂ ’ਤੇ 70-70 ਹਜ਼ਾਰ ਦਾ ਕਰਜ਼ਾ ਲੈਣ ਲਈ ਆਈਡੀ ਪਰੂਫ਼ ਲਏ ਸਨ ਪਰ ਬਾਅਦ ਵਿੱਚ ਕਿਹਾ ਕਿ ਉਸ ਦਾ ਕਰਜ਼ਾ ਪਾਸ ਨਹੀਂ ਹੋਇਆ। ਉਮੇਸ਼ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਬੈਂਕ ਤੋਂ ਸੁਨੇਹਾ ਮਿਲਿਆ ਕਿ ਉਸ ਦੇ ਖਾਤੇ ਵਿੱਚ ਕਿਸ਼ਤ ਜਮ੍ਹਾ ਹੋਣੀ ਹੈ।

ਏਸੀਪੀ ਨੇ ਦੱਸਿਆ ਕਿ ਉਮੇਸ਼ ਗਿਰੀ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਗੁਰਪ੍ਰੀਤ ਸਿੰਘ ਨੇ ਜਾਲ ਵਿਛਾ ਕੇ ਸੰਦੀਪ ਨੂੰ ਕਾਬੂ ਕਰ ਲਿਆ। ਏਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।