ਜਲੰਧਰ (7 ਸਤਬੰਰ) | ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਵਿੱਚ 17 ਪਟਵਾਰੀਆਂ ਵਲੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਮੀਡੀਆ ਵਿੱਚ ਚੱਲ ਰਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।

ਮੀਡੀਆ ਦੇ ਇਕ ਹਿੱਸੇ ਵਿੱਚ ਵੀਰਵਾਰ ਸ਼ਾਮ ਤੋਂ 17 ਪਟਵਾਰੀਆਂ ਵਲੋਂ ਅਸਤੀਫ਼ਾ ਦਿੱਤੇ ਜਾਣ ਦੀ ਖ਼ਬਰ ਵਾਇਰਲ ਹੋਈ ਸੀ ।

ਰਿਪੋਰਟਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜੇ ਤੱਕ ਕਿਸੇ ਵੀ ਸੇਵਾ ਮੁਕਤ ਪਟਵਾਰੀ ਪਾਸੋਂ ਅਸਤੀਫ਼ਾ ਪ੍ਰਾਪਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ 59 ਸੇਵਾ ਮੁਕਤ ਪਟਵਾਰੀਆਂ ਨੂੰ ਠੇਕੇ ’ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਤੋਂ ਕੰਮ ਦਾ ਭਾਰ ਘਟਾਉਣ ਲਈ ਅਤੇ ਇਨ੍ਹਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵਲੋਂ 80 ਨਵੇਂ ਟਰੇਨੀ ਪਟਵਾਰੀਆਂ ਨੂੰ ਉਨ੍ਹਾਂ ਨਾਲ ਲਗਾਇਆ ਗਿਆ ਹੈ।

ਸੇਵਾਮੁਕਤ ਕਾਨੂੰਨਗੋ ਅਤੇ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੱਖਣ ਸਿੰਘ ਮਾਨ ਨੇ ਵੀ ਦਾਅਵਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਵਲੋਂ ਅਜੇ ਤੱਕ ਕੋਈ ਅਸਤੀਫ਼ਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਇਸ ਸਬੰਧੀ ਸਵੇਰੇ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ 80 ਟਰੇਨੀ ਪਟਵਾਰੀ ਉਨ੍ਹਾਂ ਨਾਲ ਲਗਾਉਣ ’ਤੇ ਧੰਨਵਾਦ ਵੀ ਕੀਤਾ ਗਿਆ।