ਸਟੈਂਡ ਅੱਪ ਕਾਮੇਡੀਅਨ ਇੰਦਰ ਸਾਹਨੀ ਨੇ ਨੌਜਵਾਨਾਂ ਨੂੰ ਵਿਅੰਗ ਜ਼ਰੀਏ ਵੋਟ ਪਾਉਣ ਲਈ ਪ੍ਰੇਰਿਆ, ਪ੍ਰਸ਼ਾਸਨ ਵੱਲੋਂ ‘ਜਲੰਧਰ ਇਕ ਗੱਲ ਨੋਟ ਕਰੋ, ਇਕ ਜੂਨ ਨੂੰ ਤੁਸੀਂ ਵੋਟ ਕਰੋ’ ਵਿਸ਼ੇਸ਼ ‘ਜਿੰਗਲ’ ਲਾਂਚ

ਜਲੰਧਰ, 26 ਮਈ | ਜਲੰਧਰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸ਼ਨੀਵਾਰ ਸ਼ਾਮ ਵੋਟਰ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪ੍ਰਸਿੱਧ ਸਟੈਂਡ-ਅੱਪ ਕਾਮੇਡੀਅਨ ਇੰਦਰ ਸਾਹਨੀ ਵੱਲੋਂ ਇੱਕ ਲਾਈਵ ਕਾਮੇਡੀ ਸ਼ੋਅ ਪੇਸ਼ ਗਿਆ, ਜਿਸਦਾ ਉਦੇਸ਼ ਨੌਜਵਾਨ ਵੋਟਰਾਂ ਨੂੰ 1 ਜੂਨ, 2024 ਨੂੰ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਸੀ। ਇਹ ਸਮਾਗਮ ਆਈ ਵੀ ਵਾਈ ਵਰਲਡ ਸਕੂਲ ਵਿੱਚ ਹੋਇਆ, ਜਿਸ ਵਿੱਚ ਕਾਲਜ ਦੇ 500 ਤੋਂ ਵੱਧ ਵਿਦਿਆਰਥੀ ਨੇ ਭਾਗ ਲਿਆ।

ਇੰਦਰ ਸਾਹਨੀ ਨੇ ਆਪਣੇ ਵਿਅੰਗ ਰਾਹੀਂ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਆਪਣੇ ਚੁਟਕਲਿਆਂ ਰਾਹੀਂ ਸਾਹਨੀ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਸਗੋਂ ਵੋਟ ਪਾਉਣ ਦੇ ਨਾਗਰਿਕ ਫਰਜ਼ ‘ਤੇ ਵੀ ਜ਼ੋਰ ਦਿੱਤਾ। ਕਾਮੇਡੀਅਨ ਇੰਦਰ ਸਾਹਨੀ ਨੇ ਆਪਣੇ ਚੁਟਕਲਿਆਂ ਅਤੇ ਵਿਅੰਗ ਰਾਹੀਂ 1 ਜੂਨ ਨੂੰ ਵੋਟ ਪਾਉਣ ਵਾਲੇ ਵੋਟਰਾਂ ਲਈ ਹੋਟਲਾਂ, ਰੈਸਟੋਰੈਂਟਾਂ, ਮਾਲਾਂ ਅਤੇ ਵੰਡਰਲੈਂਡ ਵਿੱਚ ਉਪਲਬਧ ਛੋਟਾਂ ‘ਤੇ ਚਾਨਣਾ ਪਾਉਂਦਿਆਂ ਹਾਸੇ ਅਤੇ ਪ੍ਰੇਰਨਾ ਨਾਲ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਚੋਣ ਪ੍ਰਕਿਰਿਆ ਵਿੱਚ ਕਈ ਵਪਾਰਕ ਅਦਾਰਿਆਂ ਨੂੰ ਸ਼ਾਮਲ ਕਰਕੇ ਇਸ ਵਿਸ਼ਾਲ ਕਵਾਇਦ ਨੂੰ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਈਵ ਕਾਮੇਡੀ ਸ਼ੋਅ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਜਲੰਧਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਇਕ ਹਿੱਸਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਬਾਰੇ ਦੱਸਿਆ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਉਲੀਕੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੀ ਰੂਪ ਰੇਖਾ ਬਾਰੇ ਵੀ ਜਾਣਕਾਰੀ ਦਿੱਤੀ।

ਪ੍ਰੋਗਰਾਮ ਵਿੱਚ ਆਈ ਵੀ ਵਾਈ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਦੀ ਪੇਸ਼ਕਾਰੀ ਵੀ ਦਿੱਤੀ। ਸੰਗੀਤਕਾਰਾਂ ਨੇ ਪ੍ਰਸਿੱਧ ਧੁਨਾਂ ਵਜਾ ਕੇ ਜਿਥੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਉਥੇ ਲੋਕਤੰਤਰ ਦੇ ਇਸ ਤਿਉਹਾਰ ਦੀ ਭਾਵਨਾ ਨੂੰ ਹੋਰ ਦ੍ਰਿੜ ਕੀਤਾ। ਇਸ ਦੌਰਾਨ ਵਿਸ਼ੇਸ਼ ਜਿੰਗਲ ‘ਜਲੰਧਰ ਇੱਕ ਗਲ ਨੋਟ ਕਰੋ, ਇੱਕ ਜੂਨ ਨੂੰ ਤੁਸੀਂ ਵੋਟ ਕਰੋ’ ਵੀ ਲਾਂਚ ਕੀਤਾ ਗਿਆ। ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਇਸ ਜਿੰਗਲ ’ਤੇ ਸਕੂਲ ਦੀ ਭੰਗੜਾ ਟੀਮ ਵੱਲੋਂ ਪੇਸ਼ਕਾਰੀ ਦਿੱਤੀ ਗਈ, ਜਿਸ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ।

ਚੋਣ ਅਬਜ਼ਰਵਰ ਜਿਨ੍ਹਾਂ ਵਿੱਚ ਜਨਰਲ ਆਬਜ਼ਰਵਰ ਜੇ. ਮੇਘਨਾਥ ਰੈਡੀ, ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਅਤੇ ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਸ਼ਾਮਲ ਹਨ, ਵੀ ਪ੍ਰੋਗਰਾਮ ਵਿੱਚ ਮੌਜੂਦ ਸਨ। ਸਕੂਲ ਮੈਨੇਜਮੈਂਟ ਵੱਲੋਂ ਆਬਜ਼ਰਵਰਾਂ ਦਾ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੁਲਿਸ ਕਮਿਸ਼ਨਰ ਰਾਹੁਲ ਐਸ., ਡੀ.ਆਈ.ਜੀ ਜਲੰਧਰ ਰੇਂਜ ਐਸ.ਭੂਪਤੀ, ਐਸ.ਐਸ.ਪੀ. ਜਲੰਧਰ ਦਿਹਾਤੀ ਡਾ.ਅੰਕੁਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮ. ਜੈ ਇੰਦਰ ਸਿੰਘ ਅਤੇ ਬਲਬੀਰ ਰਾਜ ਸਿੰਘ ਵੀ ਮੌਜੂਦ ਸਨ। ਇਨ੍ਹਾਂ ਦੀ ਸ਼ਮੂਲੀਅਤ ਨੇ ਚੋਣ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਨੂੰ ਉਜਾਗਰ ਕੀਤਾ।

ਜ਼ਿਕਰਯੋਗ ਹੈ ਕਿ ਇਹ ਸਮਾਗਮ ਮਨੋਰੰਜਨ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਦਾ ਸ਼ਾਨਦਾਰ ਮਿਸ਼ਰਣ ਸੀ, ਜੋ ਮਜ਼ਬੂਤ ਲੋਕਤੰਤਰੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕਾਮੇਡੀ ਅਤੇ ਸੰਗੀਤ ਦੇ ਜ਼ਰੀਏ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ ਵਿੱਚ ਭਾਰੀ ਮਤਦਾਨ ਲਈ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣੂ ਕਰਵਾਇਆ।