ਫਿਲੌਰ| ਜਲੰਧਰ ਦੇ ਫਿਲੌਰ ਨੇੜਲੇ ਪਿੰਡ ਨਗਰ ਵਿਚ ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਾਬ ਪੀ ਕੇ ਰੋਮਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਵਾਸੀ ਨਗਰ ਨੇ ਦੱਸਿਆ ਕਿ ਉਹ ਆਪਣੇ ਖੂਹ ‘ਤੇ ਕੰਮ ਕਰ ਰਿਹਾ ਸੀ ਕਿ ਇਕ ਪ੍ਰਵਾਸੀ ਮਜ਼ਦੂਰ ਦਲੀਪ ਕੁਮਾਰ, ਜੋ ਉਸਦੇ ਭਰਾ ਕੋਲ ਦਿਹਾੜੀ ਕਰਦਾ ਹੈ, ਉਹ ਅੱਜ ਸਵੇਰੇ ਮੇਰੇ ਕੋਲ ਆਇਆ ਤੇ ਗਾਲੀ ਗਲੋਚ ਕਰਨ ਲੱਗਾ ਤੇ ਮੇਰੀ ਦਾੜ੍ਹੀ ਨੂੰ ਹੱਥ ਪਾ ਲਿਆ, ਜਿਸ ਕਾਰਨ ਮੇਰੇ ਇਕ ਪਾਸੇ ਤੋਂ ਰੋਮ ਉਸਨੇ ਧੂਹ ਲਏ।
ਪੀੜਤ ਨੇ ਅੱਗੇ ਦੱਸਿਆ ਕਿ ਲੰਘੇ ਦਿਨ ਦਲੀਪ ਦੇ ਬੱਚਿਆਂ ਦੀ ਗੇਂਦ ਸਾਡੇ ਘਰ ਆ ਗਈ, ਜਿਸ ਕਾਰਨ ਸਾਡਾ ਮਾੜਾ ਜਿਹਾ ਝਗੜਾ ਹੋਇਆ, ਜਿਸ ਕਾਰਨ ਉਸਨੇ ਮੇਰੇ ਰੋਮਾਂ ਦੀ ਬੇਅਦਬੀ ਕੀਤੀ। ਜਿਸ ਮਗਰੋਂ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਦਲੀਪ ਨੂੰ ਫੜ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਫਿਲੌਰ ਦੇ ਏਐਸਆਈ ਵਿਜੇ ਕੁਮਾਰ ਨੇ ਪਹੁੰਚ ਕੇ ਮਾਹੌਲ ਸ਼ਾਂਤ ਕਰਵਾਇਆ ਤੇ ਮੁਲਜ਼ਮ ਨੂੰ ਥਾਣੇ ਲਿਆਂਦਾ, ਜਿਥੇ ਦਲੀਪ ਉਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ