ਜਲੰਧਰ | ਮਕਸੂਦਾਂ ਸਥਿਤ ਸੈਕਰਡ ਹਾਰਟ ਹਸਪਤਾਲ ਦੇ ਵਾਸ਼ਰੂਮ ‘ਚੋਂ ਸੋਮਵਾਰ ਇਕ ਮਾਦਾ ਭਰੂਣ ਮਿਲਿਆ। ਥਾਣਾ ਸਦਰ-1 ਦੇ ASI ਰਾਕੇਸ਼ ਕੁਮਾਰ ਨੇ ਕੁਝ ਘੰਟਿਆਂ ਤੱਕ CCTV ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਵਾਸ਼ਰੂਮ ਨੂੰ ਜਾਣ ਵਾਲੇ ਰਸਤੇ ‘ਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੇ ਬਿਆਨ ‘ਚ ਪ੍ਰਕਾਸ਼ ਨਗਰ ਦੇ ਰਹਿਣ ਵਾਲੇ 38 ਸਾਲਾ ਵਾਸੂ ਨੇ ਦੱਸਿਆ ਕਿ ਉਹ ਸੈਕਰਡ ਹਾਰਟ ਹਸਪਤਾਲ ‘ਚ ਆਪ੍ਰੇਸ਼ਨ ਮੈਨੇਜਰ ਹੈ।

ਸੋਮਵਾਰ ਸ਼ਾਮ ਉਨ੍ਹਾਂ ਨੂੰ ਗਰਾਊਂਡ ਫਲੋਰ ‘ਤੇ ਜਨਰਲ ਮੈਡੀਕਲ ਵਾਰਡ ਦੀ ਸਟਾਫ ਨਰਸ ਦਾ ਫੋਨ ਆਇਆ ਕਿ ਵਾਰਡ ਦੇ ਸਾਹਮਣੇ ਸਥਿਤ ਵਾਸ਼ਰੂਮ ਦੇ ਦਰਵਾਜ਼ੇ ਕੋਲ ਵੇਸਟ ਪਾਣੀ ਦੀ ਜਾਲੀ ਬੰਦ ਹੈ।

ਜਦੋਂ ਮਹਿਲਾ ਸਵੀਪਰ ਨੇ ਪਾਣੀ ਦੀ ਨਿਕਾਸੀ ਲਈ ਹੌਦੀ ਦੀ ਜਾਲ ਦਾ ਢੱਕਣ ਚੁੱਕਿਆ ਤਾਂ ਪਾਈਪ ਵਿੱਚ 6 ਮਹੀਨੇ ਦਾ ਮਾਦਾ ਭਰੂਣ ਪਿਆ ਹੋਇਆ ਸੀ। ਵਾਸੂ ਨੇ ਕਿਹਾ ਕਿ ਇਹ ਹਸਪਤਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।

ਪੁਲਿਸ ਹਸਪਤਾਲ ਵਿੱਚ ਇਲਾਜ ਅਧੀਨ ਹਰ ਗਰਭਵਤੀ ਔਰਤ ਦਾ ਰਿਕਾਰਡ ਲੈ ਰਹੀ ਹੈ ਤਾਂ ਕਿ ਜਾਂਚ ਕੀਤੀ ਜਾ ਸਕੇ। ਥਾਣਾ-1 ਦੀ ਪੁਲਿਸ ਨੇ ਭਰੂਣ ਨੂੰ ਕਬਜ਼ੇ ‘ਚ ਲੈ ਕੇ ਆਈਪੀਸੀ ਦੀ ਧਾਰਾ 318 ਤਹਿਤ ਮਾਮਲਾ ਦਰਜ ਕਰ ਲਿਆ ਹੈ।

SHO ਸੁਖਬੀਰ ਸਿੰਘ ਨੇ ਕਿਹਾ ਕਿ ਪੁਲਿਸ ਹਸਪਤਾਲ ਵਿੱਚ ਲੱਗੇ CCTV ਕੈਮਰਿਆਂ ਦੀ ਮਦਦ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਭਰੂਣ ਨੂੰ ਸੁੱਟਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ।

ਦੱਸ ਦੇਈਏ ਕਿ ਸੋਮਵਾਰ ਨੂੰ ਹੀ ਪ੍ਰਤਾਪ ਬਾਗ ਡੰਪ ਤੋਂ ਇਕ ਮਾਦਾ ਭਰੂਣ ਮਿਲਿਆ ਸੀ। ਉਸ ਮਾਮਲੇ ਵਿੱਚ ਵੀ ਪੁਲਿਸ ਡੰਪ ਦੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ।