ਜਲੰਧਰ, 14 ਮਾਰਚ |ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 13 ਮਾਰਚ ਦੀ ਸ਼ਾਮ ਨੂੰ ਜਲੰਧਰ ਸੈਂਟਰਲ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ “ਜਾਗੋ” ਕੈਂਪੇਨ ਚਲਾਇਆ ਗਿਆ। ਇਹ ਮੁਹਿੰਮ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਵਾਰਡ ਨੰਬਰ 6, 7 ਅਤੇ 23 ਵਿੱਚ ਆਯੋਜਿਤ ਕੀਤੀ ਗਈ, ਜਿਸ ਦਾ ਮਕਸਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਮਹਿਲਾਵਾਂ ਤੱਕ ਪੂਰੀ ਜਾਣਕਾਰੀ ਪਹੁੰਚਾਉਣਾ ਸੀ।

ਇਸ ਦੌਰਾਨ ਵਾਰਡ ਨੰਬਰ 6 ਵਿੱਚ ਇੰਚਾਰਜ ਤਰਲੋਕ ਸਰਾਹ, ਵਾਰਡ ਨੰਬਰ 7 ਵਿੱਚ ਇੰਚਾਰਜ ਪਰਵੀਨ ਪਹਲਵਾਨ ਅਤੇ ਵਾਰਡ ਨੰਬਰ 23 ਵਿੱਚ ਕੌਂਸਲਰ ਹਰਪਾਲ ਮਿੰਟੂ ਦੀ ਅਗਵਾਈ ਹੇਠ ਵੱਡੇ ਪੱਧਰ ‘ਤੇ ਜਾਗੋ ਕੱਢੀ ਗਈ। ਮੁੱਖ ਮਾਰਕੀਟਾਂ ਅਤੇ ਗਲੀਆਂ ਵਿੱਚ ਢੋਲ-ਨਗਾੜਿਆਂ ਦੇ ਨਾਲ ਕੱਢੀ ਗਈ ਇਸ ਜਾਗਰੂਕਤਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ ਅਤੇ ਲੋਕਾਂ ਨੂੰ ਯੋਜਨਾ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਕੈਂਪੇਨ ਦੌਰਾਨ ਮਹਿਲਾਵਾਂ ਨੇ ਪਰੰਪਰਾਗਤ ਢੰਗ ਨਾਲ ਗਾਗਰ ਅਤੇ ਦੀਵਿਆਂ ਨਾਲ ਗਿੱਧਾ ਤੇ ਭੰਗੜਾ ਕਰਦਿਆਂ ਜਾਗਰੂਕਤਾ ਮੁਹਿੰਮ ਨੂੰ ਰੰਗੀਨ ਬਣਾਇਆ। ਇਸ ਮੌਕੇ ਮਹਿਲਾਵਾਂ ਨੂੰ ਦੱਸਿਆ ਗਿਆ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ, ਜਦਕਿ ਅਨੁਸੂਚਿਤ ਜਾਤੀ (SC) ਵਰਗ ਨਾਲ ਸੰਬੰਧਤ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਭਲਾਈ ਅਤੇ ਉਨ੍ਹਾਂ ਦੇ ਆਰਥਿਕ ਸਸ਼ਕਤੀਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਮਹਿਲਾਵਾਂ ਤੱਕ ਪਹੁੰਚੇ ਅਤੇ ਹਰ ਮਹਿਲਾ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਮਿਲੇ।

ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਲਈ ਕਈ ਲੋਕ-ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਵੀ ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਪਹਿਲ ਹੈ।