ਆਨਲਾਈਨ ਖਰੀਦਦਾਰੀ ਵੀ ਕਈ ਵਾਰ ਇੰਨੀ ਮਹਿੰਗੀ ਪੈ ਜਾਂਦੀ ਹੈ ਕਿ ਇਨਸਾਨ ਕੋਲ ਸਿਵਾਏ ਪਛਤਾਉਣ ਦੇ ਕੁਝ ਨਹੀਂ ਰਹਿੰਦਾ। ਆਨਲਾਈਨ ਮੰਗਵਾਈ ਚੀਜ਼ ਦੀ ਬਜਾਏ ਬਾਕਸ ‘ਚੋਂ ਇੱਟਾਂ, ਸਾਬਣ ਜਾਂ ਕੋਈ ਹੋਰ ਵਸਤੂ ਦਾ ਮਿਲਣਾ ਜਾਂ ਕਈ ਵਾਰ ਆਰਡਰ ਐਕਸਚੇਂਜ ‘ਚ ਤਬਦੀਲੀ ਵਰਗੀ ਘਟਨਾ ਵਾਪਰਦੀ ਹੈ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ iPhone 12 ਦੀ ਬਜਾਏ ਪੈਕਿੰਗ ਬਾਕਸ ‘ਚੋਂ ਸਾਬਣ ਮਿਲਿਆ ਹੈ। ਫਲਿਪਕਾਰਟ ‘ਤੇ ਬਿਗ ਬਿਲੀਅਨ ਡੇਜ਼ ਦੀ ਵਿਕਰੀ ਦੌਰਾਨ ਉਸ ਨੇ ਨਵਾਂ ਐਪਲ ਆਈਫੋਨ 12 ਖਰੀਦਿਆ ਸੀ ਪਰ ਇਸ ਦੀ ਥਾਂ ਉਸ ਨੂੰ ਨਿਰਮਾ ਸਾਬਣ ਮਿਲ ਗਿਆ।
ਸਿਮਰਨਪਾਲ ਸਿੰਘ, ਜੋ GoAndroid ਦੇ ਨਾਂ ‘ਤੇ ਆਪਣਾ ਤਕਨੀਕੀ ਬਲੌਗ ਚਲਾਉਂਦਾ ਹੈ, ਨੇ ਆਪਣੇ ਬਲੌਗ ‘ਚ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਆਪਣੇ ਯੂਟਿਊਬ ਚੈਨਲ ‘ਤੇ ਡਲਿਵਰੀ ਦੌਰਾਨ ਬਣਾਇਆ ਇਕ ਵੀਡੀਓ ਪੋਸਟ ਕੀਤਾ ਹੈ। ਇਹ ਘਟਨਾ 4 ਅਕਤੂਬਰ ਦੀ ਹੈ, ਜਦੋਂ ਸਿਮਰਨਪਾਲ ਨੇ ਬਿਗ ਬਿਲੀਅਨ ਡੇਜ਼ ਦੀ ਵਿਕਰੀ ਦੌਰਾਨ ਆਈਫੋਨ 12 ਖਰੀਦਿਆ ਸੀ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਪਰਲੀ ਪੈਕਿੰਗ ਨੂੰ ਖੋਲ੍ਹਿਆ ਗਿਆ, ਆਈਫੋਨ 12 ਦੀ ਬਜਾਏ ਇਸ ਵਿੱਚੋਂ 2 ਸਾਬਣ ਨਿਕਲੇ। ਸਿਮਰਨਪਾਲ ਨੇ ਫਲਿਪਕਾਰਟ ਸਪੋਰਟ ਨੂੰ ਫੋਨ ਕੀਤਾ, ਜਿਸ ਨੇ ਦਾਅਵਾ ਕੀਤਾ ਕਿ ਇਹ ਪ੍ਰੋਡਕਟ ਅਜੇ ਵੀ ‘ਆਊਟ ਫਾਰ ਡਲਿਵਰੀ’ ਵਜੋਂ ਦਿਖਾਈ ਦੇ ਰਿਹਾ ਹੈ ਤੇ ਰੱਦ ਸਿਰਫ ਤਾਂ ਹੀ ਕੀਤਾ ਜਾ ਸਕਦਾ ਹੈ, ਜੇ ਇਸ ਦਾ ਸਟੇਟਸ ‘ਡਲਿਵਰਡ’ ਹੋਵੇ। ਫਲਿਪਕਾਰਟ ਨੇ ਫਿਰ ਕਾਲ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਦਾ ਡਲਿਵਰੀ ਬੁਆਏ ਫੇਲਡ ਡਲਿਵਰੀ ਨਾਲ ਚਲਾ ਗਿਆ।
ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਡਲਿਵਰੀ ਪਾਰਟਨਰ ਤੋਂ ਓਟੀਪੀ ਲਈ ਵਾਰ-ਵਾਰ ਕਾਲਾਂ ਆਈਆਂ, ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਇਕ ਗਲਤੀ ਦੀ ਬਜਾਏ ਧੋਖਾਧੜੀ ਦੀ ਘਟਨਾ ਸਮਝਿਆ। ਕਈ ਕਾਲਾਂ ਤੋਂ ਬਾਅਦ ਫਲਿਪਕਾਰਟ ਨੇ ਆਖਿਰ ਆਪਣਾ ਆਰਡਰ ਰੱਦ ਕਰ ਦਿੱਤਾ ਤੇ ਰਿਫੰਡ ਜਾਰੀ ਕਰ ਦਿੱਤਾ।
ਸਿਮਰਨਪਾਲ ਸਿੰਘ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਅਤੇ ਉਹ ਖੁਸ਼ਕਿਸਮਤ ਹੈ ਕਿ ਉਹ ਇਸ ਧੋਖਾਧੜੀ ਤੋਂ ਬਚ ਗਿਆ।
ਫਲਿਪਕਾਰਟ ਨੇ ਕਿਹਾ, ”ਕੰਪਨੀ ਆਪਣੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਵਿੱਚ ਜ਼ੀਰੋ ਟੌਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ। ਸਾਡੀ ਤਰਜੀਹ ਹਮੇਸ਼ਾ ਇਹ ਯਕੀਨੀ ਬਣਾਉਂਦੀ ਰਹੀ ਹੈ ਕਿ ਸਾਡੇ ਹਰੇਕ ਗਾਹਕ ਨੂੰ ਆਨਲਾਈਨ ਖਰੀਦਦਾਰੀ ਦਾ ਸਭ ਤੋਂ ਵਧੀਆ ਅਨੁਭਵ ਹੋਵੇ।”