ਰਾਜਸਥਾਨ| ਨਸ਼ਿਆਂ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ ਅਤੇ ਕਈ ਹੋ ਰਹੇ ਹਨ। ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ਦੇ ਰਾਮਸਾਗਦਾ ਥਾਣਾ ਇਲਾਕੇ ਦੇ ਪਿੰਡ ਰਾਮਪੁਰ ਮੇਵਾੜਾ ‘ਚ ਇਕ ਪੁੱਤਰ ਨੇ ਨਸ਼ੇ ‘ਚ ਧੁੱਤ ਹੋ ਕੇ ਆਪਣੇ ਬਜ਼ੁਰਗ ਪਿਤਾ ਦਾ ਸਿਰ ‘ਤੇ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਬਜ਼ੁਰਗ ਦਾ ਬੇਟਾ ਸ਼ਰਾਬ ਦੇ ਨਸ਼ੇ ‘ਚ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰ ਰਿਹਾ ਸੀ। ਇਸ ਦੌਰਾਨ ਬਜ਼ੁਰਗ ਦਖਲ ਦੇਣ ਲਈ ਵਿਚਕਾਰ ਆਇਆ ਤਾਂ ਬੇਟੇ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਬੇਟਾ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕਤਲ ਦੀ ਪੂਰੀ ਵਾਰਦਾਤ ਬਾਰੇ ਡੂੰਗਰਪੁਰ ਜ਼ਿਲ੍ਹੇ ਦੇ ਰਾਮਸਾਗਦਾ ਥਾਣੇ ਦੇ ਐੱਸ.ਐੱਚ.ਓ. ਅੰਮ੍ਰਿਤਲਾਲ ਮੀਨਾ ਨੇ ਦੱਸਿਆ ਕਿ ਰਾਮਪੁਰ ਮੇਵਾੜਾ ਦੇ ਰਹਿਣ ਵਾਲੇ 30 ਸਾਲਾ ਪ੍ਰਵੀਨ ਪੁੱਤਰ ਹੁਰਮਾ ਭਗੋਰਾ ਨੇ ਸ਼ਿਕਾਇਤ ਦਿੱਤੀ ਹੈ ਕਿ 60 ਸਾਲਾ ਹੁਰਮਾ ਭਗੋਰਾ ਉਸ ਦੇ ਨਾਲ ਰਹਿੰਦਾ ਹੈ। ਉਸ ਦਾ ਵੱਡਾ ਭਰਾ ਧੁੱਲਾ ਭਗੋਰਾ ਆਪਣੇ ਪਰਿਵਾਰ ਨਾਲ ਦੂਜੇ ਘਰ ਰਹਿੰਦਾ ਹੈ। ਰਾਤ ਸਮੇਂ ਉਸ ਦਾ ਵੱਡਾ ਭਰਾ ਧੁੱਲਾ ਭਗੋਰਾ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਮੰਜੂਲਾ ਅਤੇ ਬੇਟੀ ਕਾਲੀ ਦੀ ਕੁੱਟਮਾਰ ਕਰ ਰਿਹਾ ਸੀ। ਇਸ ਦੌਰਾਨ ਮੰਜੂਲਾ ਉੁਨ੍ਹਾਂ ਘਰ ਭੱਜ ਆਈ ਅਤੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰ ਰਿਹਾ ਹੈ। ਇਸ ਦੌਰਾਨ ਜਦੋਂ ਪਿਤਾ ਹੁਰਮਾ ਨੇ ਲੜਾਈ ‘ਚ ਦਖਲ ਦਿੱਤਾ ਤਾਂ ਨਸ਼ੇ ‘ਚ ਧੁੱਤ ਧੁੱਲਾ ਨੇ ਆਪਣੇ ਪਿਤਾ ਹੁਰਮਾ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਬਜ਼ੁਰਗ ਹੁਰਮਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਦਕਿ ਮੁਲਜ਼ਮ ਧੁੱਲਾ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਵਾਲੇ ਜ਼ਖਮੀ ਬਜ਼ੁਰਗ ਨੂੰ ਗੁਜਰਾਤ ਦੇ ਮੋਡਾਸਾ ਲੈ ਗਏ, ਉਥੇ ਬਜ਼ੁਰਗ ਦਾ ਇਲਾਜ ਕਰਵਾਇਆ ਅਤੇ ਘਰ ਲੈ ਆਏ ਪਰ ਅੱਜ ਸਵੇਰੇ ਫਿਰ ਬਜ਼ੁਰਗ ਦੀ ਤਬੀਅਤ ਵਿਗੜ ਗਈ, ਜਿਸ ‘ਤੇ ਪਰਿਵਾਰ ਵਾਲੇ ਬਜ਼ੁਰਗ ਨੂੰ ਡੂੰਗਰਪੁਰ ਜ਼ਿਲਾ ਹਸਪਤਾਲ ਲੈ ਕੇ ਆਏ ਅਤੇ ਦਾਖਲ ਕਰਵਾਇਆ। ਪਰ ਹਸਪਤਾਲ ਵਿੱਚ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ।