ਪੰਜਾਬ ਪੁਲਿਸ ਨੇ ਸੁਲਝਾਇਆ ਲੁਧਿਆਣਾ ‘ਚ ਹੋਏ ਸੋਨੇ ਦੀ ਲੁੱਟ ਦਾ ਮਾਮਲਾ

ਚੰਡੀਗੜ. ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਨੂੰ ਗਿਰਫਤਾਰ ਕਰ ਲਿਆ ਹੈ। ਇਸ ਗਿਰਫਤਾਰੀ ਨਾਲ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਲੁੱਟ ਦੇ ਸਨਸਨੀਖੇਜ਼ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਗਗਨ ਨੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਟੀਮ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਉਸਨੂੰ ਗਿਰਫਤਾਰ ਕਰ ਲਿਆ। ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਲਾਸਾ ਕੀਤਾ ਕਿ ਗਗਨ ਜੱਜ ਪਾਸੋਂ ਇਕ ਪਿਸਤੌਲ, ਦੋ ਮੈਗਜੀਨ ਅਤੇ 50 ਜਿੰਦਾ ਕਾਰਤੂਸਾਂ ਤੋਂ ਇਲਾਵਾ ਲਗਭਗ 31 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਆਈਜੀਪੀ ਨੇ ਕਿਹਾ ਕਿ ਇਹ ਗਿਰੋਹ ਕਾਲ ਟਰੇਸਿੰਗ ਤੋਂ ਬਚਣ ਲਈ ਆਪਣੇ ਮੈਂਬਰਾਂ ਨਾਲ ਵਾਇਰਲੈੱਸ ਹੈਂਡਸੈੱਟਾਂ ਰਾਹੀਂ ਗੱਲਬਾਤ ਕਰਦਾ ਸੀ। ਉਹਨਾਂ ਕਿਹਾ ਕਿ ਗੈਂਗਸਟਰ ਪਾਸੋਂ ਚੋਰੀ ਦੀ ਇਕ ਆਈ-20 ਕਾਰ ਤੋਂ ਇਲਾਵਾ ਤਿੰਨ ਵਾਕੀਟਾਕੀ (ਡਬਲਯੂ/ਟੀ) ਸੈਟ ਵੀ ਬਰਾਮਦ ਕੀਤੇ ਗਏ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਓਸੀਸੀਯੂ ਦੀ ਟੀਮ ਨੂੰ ਉਨ੍ਹਾਂ ਦੀ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਲੁਧਿਆਣਾ ਕੇਸ ਵਿੱਚ ਗਿਰੋਹ ਦੇ ਹੋਰ ਮੈਂਬਰਾਂ ਅਤੇ ਗਗਨ ਦੇ ਸਾਥੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਗਗਨ ਤਿੰਨ ਹਫਤੇ ਪਹਿਲਾਂ ਵਾਪਰੀ ਲੁੱਟਖੋਹ ਦੀ ਵਾਰਦਾਤ ਵਿਚ ਸ਼ਾਮਲ ਪੰਜ ਸ਼ੱਕੀ ਵਿਅਕਤੀਆਂ ਵਿਚ ਸ਼ਾਮਲ ਸੀ। ਗਗਨਦੀਪ ਜੱਜ ਉਰਫ ਗਗਨ ਜੱਜ ਅਤੇ ਉਸਦੇ ਗਿਰੋਹ ਦੇ ਮੈਂਬਰ ਕਥਿਤ ਤੌਰ ‘ਤੇ ਪੈਸੇ ਲੈ ਕੇ ਹੱਤਿਆ, ਕਤਲ ਦੀ ਕੋਸ਼ਿਸ਼, ਜ਼ਬਰੀ ਵਸੂਲੀ, ਵਾਹਨ ਖੋਹਣ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ। ਇਕ ਹੋਰ ਫਰਾਰ ਗੈਂਗਸਟਰ ਜੈਪਾਲ ਨਾਲ ਉਸਦੇ ਨਜ਼ਦੀਕੀ ਸਬੰਧ ਹਨ। ਓ.ਸੀ.ਸੀ.ਯੂ. ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਇਸ ਸਫਲ ਕਾਰਵਾਈ ਲਈ ਟੀਮ ਦੀ ਸ਼ਲਾਘਾ ਕੀਤੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।