ਲੁਧਿਆਣਾ| ਸੋਸ਼ਲਾ ਮੀਡੀਆ ਸਟਾਰ ਜਸਨੀਤ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਕ ਹੋਰ ਮਾਮਲੇ ਵਿਚ ਬਲੈਕਮੇਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਹਲਫੀਆ ਬਿਆਨ ਵਿਚ ਅਹਿਮ ਖੁਲਾਸਾ ਹੋਇਆ ਹੈ। ਇਸ ਵਿਚ ਜਸਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜਾਬੀ ਅਦਾਕਾਰ ਕਮਲਦੀਪ ਸਿੰਘ ਉਰਫ਼ ਹੌਬੀ ਧਾਲੀਵਾਲ ਕੋਲੋਂ 5 ਲੱਖ ਰੁਪਏ ਲਏ ਸਨ। ਜਸਨੀਤ ਦਾ ਕਹਿਣਾ ਹੈ ਕਿ ਹੌਬੀ ਧਾਲੀਵਾਲ ਨੇ ਫਿਲਮਾਂ ਵਿਚ ਕੰਮ ਕਰਨ ਲਈ ਉਸ ਦੀ ਕਾਫੀ ਮਦਦ ਕੀਤੀ ਸੀ।

ਹਲਫੀਆ ਬਿਆਨ ਵਿਚ ਜਸਨੀਤ ਦਾ ਕਹਿਣਾ ਹੈ ਕਿ, “ਮੈਂ ਫਿਲਮਾਂ ਵਿਚ ਕੰਮ ਕਰਨ ਲਈ ਆਪਣੇ ਪਿੰਡ ਬੁੱਗਰਾ ਰਾਜੋਮਾਜਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਮੋਹਾਲੀ ਵਿਖੇ ਆਈ ਸੀ, ਜਿਸ ਦੌਰਾਨ ਮੈਨੂੰ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਦੌਰਾਨ ਮੈਨੂੰ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਫਿਲਮਾਂ ਦੇ ਕੰਮ ਲਈ ਮੇਰੀ ਮਦਦ ਕੀਤੀ। ਇਸੇ ਦੌਰਾਨ ਸਾਡੀ ਦੋਹਾਂ ਦੀ ਆਪਸ ਵਿਚ ਮੋਬਾਈਲ ’ਤੇ ਗੱਲਬਾਤ ਹੋਣ ਲੱਗ ਪਈ। ਇਸੇ ਗੱਲਬਾਤ ਦੌਰਾਨ ਸਾਡੇ ਆਪਸ ਵਿਚ ਕੁਝ ਇਤਰਾਜ਼ਯੋਗ ਸ਼ਬਦ ਵੀ ਵਰਤੇ ਗਏ ਪਰ ਸਾਡੇ ਵਿਚ ਕੋਈ ਨਾਜਾਇਜ਼ ਸਬੰਧ ਨਹੀਂ ਰਹੇ”।

ਇਸ ਵਿਚ ਲਿਖਿਆ ਗਿਆ ਕਿ ਇਨ੍ਹਾਂ ਇਤਰਾਜ਼ਯੋਗ ਸ਼ਬਦਾਂ ਦੀ ਉਸ ਦੇ ਕੋਲ ਰਿਕਾਰਡਿੰਗ ਵੀ ਹੈ। ਇਸ ਤੋਂ ਬਾਅਦ 25 ਜਨਵਰੀ 2020 ਨੂੰ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਸੀ, ਜਿਸ ਦੇ ਬਦਲੇ ਜਸਨੀਤ ਨੇ ਹੌਬੀ ਧਾਲੀਵਾਲ ਤੋਂ 5 ਲੱਖ ਰੁਪਏ ਲਏ ਸਨ।

ਉਧਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਸਨੀਤ ਨੂੰ 24 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

AddThis Website Tools