ਚੰਡੀਗੜ੍ਹ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿਚ ਸ਼ਰਾਬ ਮਾਫੀਆ ਵੱਲੋਂ ਇਕ ਐਨਆਰਆਈ ਪਰਿਵਾਰ ਨਾਲ ਹੋ ਰਹੀ ਬੇਇਨਸਾਫ਼ੀ ਦੇ ਮੱਦੇਨਜ਼ਰ ਪੰਜਾਬੀ ਪ੍ਰਵਾਸੀ ਭਾਰਤੀਆਂ ਦੀ ਮੀਟਿੰਗ ਕਰਵਾਉਣ ਪਿੱਛੋਂ ਸੂਬਾ ਸਰਕਾਰ ਦੀ ਨੀਅਤ ‘ਤੇ ਹੀ ਸਵਾਲ ਖੜ੍ਹੇ ਕੀਤੇ ਹਨ।

ਜ਼ਿਕਰਯੋਗ ਹੈ ਕਿ ਇਥੇ ਸ਼ਰਾਬ ਮਾਫੀਆ ਨੇ ਇਕ ਐਨਆਰਆਈ ਪਰਿਵਾਰ ਦੇ ਵਿਆਹ ਸਮਾਗਮ ਵਿਚ ਵਿਘਨ ਪਾਇਆ ਸੀ। ਜਾਖੜ ਨੇ ਟਵੀਟ ਕੀਤਾ ਹੈ ਕਿ 16 ਤੋਂ 19 ਦਸੰਬਰ ਤੱਕ ਪ੍ਰਵਾਸੀ ਭਾਰਤੀਆਂ ਨਾਲ ਮੀਟਿੰਗਾਂ ਦਾ ਇਸ਼ਤਿਹਾਰ ਦੇਣਾ ਪੰਜਾਬ ਸਰਕਾਰ ਦੀ ਬੇਸ਼ਰਮੀ ਭਰੀ ਕਾਰਵਾਈ ਹੈ, ਜਦੋਂਕਿ ਇਕ ਐਨਆਰਆਈ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਅੰਮ੍ਰਿਤਸਰ ਵਿਚ ਉਨ੍ਹਾਂ ਦੇ ਵਿਆਹ ਸਮਾਗਮ ‘ਤੇ ਹਮਲਾ ਕਰਨ ਵਾਲੇ ਸ਼ਰਾਬ ਮਾਫੀਆ ਦੇ ਗੁੰਡੇ ਖੁੱਲ੍ਹੇਆਮ ਘੁੰਮ ਰਹੇ ਹਨ।

ਪਿਛਲੇ ਮਹੀਨੇ 4 ਨਵੰਬਰ ਨੂੰ ਵੇਰਕਾ ਚੌਕ ਅੰਮ੍ਰਿਤਸਰ ਸਥਿਤ ਮੈਰਿਜ ਪੈਲੇਸ ਜਿਥੇ ਐਨਆਰਆਈ ਪਰਿਵਾਰ ਸਮਾਗਮ ਕਰ ਰਹੇ ਸਨ, ਸ਼ਰਾਬ ਦੀ ਵਰਤੋਂ ਦੇ ਮੁੱਦੇ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਦੇ 2 ਧੜਿਆਂ ਨੇ ਨਾਜਾਇਜ਼ ਤੌਰ ‘ਤੇ ਵਿਆਹ ਸਮਾਗਮ ਵਿਚ ਦਾਖਲ ਹੋ ਕੇ ਇਕ-ਦੂਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।