ਨਵੀਂ ਦਿੱਲੀ | ਲੋਕ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ। ਜਲਦ ਹੀ ਗਾਹਕਾਂ ਨੂੰ ਸਿੰਗਲ LPG ਸਿਲੰਡਰ ਲਈ 1000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਐੱਲਪੀਜੀ ਸਿਲੰਡਰ ‘ਤੇ ਸਬਸਿਡੀ ਰੋਕ ਸਕਦੀ ਹੈ। ਅਜਿਹੀ ਸਥਿਤੀ ‘ਚ ਗਾਹਕਾਂ ਨੂੰ ਸਿਲੰਡਰ ਲਈ ਵੱਧ ਪੈਸੇ ਦੇਣੇ ਪੈਣਗੇ।

ਸਰਕਾਰੀ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਖਪਤਕਾਰ ਇਕ ਸਿਲੰਡਰ ਲਈ 1000 ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ। ਇਸ ਸਬੰਧੀ ਸਰਕਾਰ ਸਿਲੰਡਰ ਦੀ ਸਬਸਿਡੀ ਸਬੰਧੀ 2 ਤਰੀਕੇ ਅਪਣਾ ਸਕਦੀ ਹੈ- ਪਹਿਲਾਂ, ਵਰਤਮਾਨ ਸਮੇਂ ‘ਚ ਜੋ ਚੱਲ ਰਿਹਾ ਹੈ, ਸਰਕਾਰ ਉਸ ਨੂੰ ਚੁਣੇ। ਦੂਜਾ, ਇਹ ਕਿ ਸਰਕਾਰ ਉਜਵਲਾ ਸਕੀਮ ਅਧੀਨ ਸਿਰਫ ਆਰਥਿਕ ਤੌਰ ‘ਤੇ ਕਮਜ਼ੋਰ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਏ। ਫਿਲਹਾਲ ਸਰਕਾਰ ਨੇ ਸਬਸਿਡੀ ਬਾਰੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ।

ਇਸ ਸਾਲ 190.50 ਰੁਪਏ ਮਹਿੰਗਾ ਹੋਇਆ ਸਿਲੰਡਰ

ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਾਲ 1 ਜਨਵਰੀ ਨੂੰ ਦਿੱਲੀ ਵਿੱਚ ਇਹ 694 ਰੁਪਏ ਸੀ ਪਰ ਹੁਣ ਇਹ ਵੱਧ ਕੇ 884.50 ਰੁਪਏ ਹੋ ਗਿਆ ਹੈ। ਯਾਨੀ ਇਸ ਸਾਲ ਹੁਣ ਤੱਕ ਇਸ ਵਿੱਚ 190.50 ਰੁਪਏ ਦੀ ਤੇਜ਼ੀ ਆਈ ਹੈ। ਇਸ ਦੀ ਕੀਮਤ ਕੋਲਕਾਤਾ ‘ਚ 911 ਰੁਪਏ, ਮੁੰਬਈ ‘ਚ 884.5 ਰੁਪਏ ਤੇ ਚੇਨਈ ‘ਚ 900.5 ਰੁਪਏ ਹੈ।

ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ, ਜੋ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਬਦਲਾਅ ਵਰਗੇ ਕਾਰਕਾਂ ਦੁਆਰਾ ਤੈਅ ਕੀਤੀ ਜਾਂਦੀ ਹੈ।