ਬਾਲੀ : ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਭੜਕੀ ਹਿੰਸਾ ‘ਚ 127 ਲੋਕਾਂ ਦੀ ਮੌਤ ਹੋ ਗਈ ਹੈ ਅਤੇ 180 ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇੰਡੋਨੇਸ਼ੀਆ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਸ਼ਨੀਵਾਰ ਰਾਤ ਨੂੰ ਪੂਰਬੀ ਜਾਵਾ ਦੇ ਮਲੰਗ ਰੀਜੈਂਸੀ ਦੇ ਕੰਜੂਰੂਹਾਨ ਸਟੇਡੀਅਮ ਵਿੱਚ ਬੀਆਰਆਈ ਲੀਗ-1 ਦੇ ਫੁੱਟਬਾਲ ਮੈਚ ਦੌਰਾਨ ਵਾਪਰੀ।

ਪੂਰਬੀ ਜਾਵਾ ਸੂਬੇ ਦੇ ਪੁਲਿਸ ਮੁਖੀ ਨਿਕੋ ਅਫਿੰਟਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਰੇਮਾ ਐਫਸੀ ਅਤੇ ਪਰਸੇਬਾਯਾ ਸੁਰਾਬਾਇਆ ਵਿਚਾਲੇ ਫੁੱਟਬਾਲ ਮੈਚ ਚੱਲ ਰਿਹਾ ਸੀ। ਹਾਰਨ ਵਾਲੀ ਟੀਮ ਅਰੇਮਾ ਦੇ ਸਮਰਥਕਾਂ ਨੇ ਮੈਦਾਨ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਸਥਿਤੀ ਨੂੰ ਸੰਭਾਲਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ, ਜਿਸ ਕਾਰਨ ਭਗਦੜ ਮਚ ਗਈ ਅਤੇ ਦਮ ਘੁੱਟਣ ਦੀਆਂ ਘਟਨਾਵਾਂ ਵਾਪਰੀਆਂ।

ਨਿਕੋ ਅਫਿੰਟਾ ਨੇ ਇਕ ਬਿਆਨ ‘ਚ ਕਿਹਾ, ‘ਇਸ ਭਗਦੜ ‘ਚ 127 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ 2 ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਸਟੇਡੀਅਮ ਦੇ ਅੰਦਰ 34 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।” ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਫੁਟੇਜ ‘ਚ ਮਲੰਗ ‘ਚ ਸਟੇਡੀਅਮ ‘ਚ ਲੋਕ ਦੌੜਦੇ ਦਿਖਾਈ ਦੇ ਰਹੇ ਹਨ।

ਇੰਡੋਨੇਸ਼ੀਆ ਦੀ ਫੁਟਬਾਲ ਐਸੋਸੀਏਸ਼ਨ (ਪੀਐਸਐਸਆਈ) ਨੇ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਪੀਐਸਐਸਆਈ ਨੂੰ ਕੰਜੂਰੂਹਾਨ ਸਟੇਡੀਅਮ ਵਿੱਚ ਅਰੇਮਾ ਸਮਰਥਕਾਂ ਦੀਆਂ ਕਾਰਵਾਈਆਂ ‘ਤੇ ਅਫਸੋਸ ਹੈ। ਅਸੀਂ ਦੁਖੀ ਹਾਂ। ਅਸੀਂ ਪੀੜਤ ਪਰਿਵਾਰਾਂ ਅਤੇ ਘਟਨਾ ਵਿੱਚ ਸ਼ਾਮਲ ਸਾਰੀਆਂ ਧਿਰਾਂ ਤੋਂ ਮੁਆਫੀ ਮੰਗਦੇ ਹਾਂ। ਇਸ ਦੇ ਲਈ ਪੀ.ਐੱਸ.ਆਈ ਨੇ ਤੁਰੰਤ ਜਾਂਚ ਟੀਮ ਦਾ ਗਠਨ ਕੀਤਾ।