ਨਵੀਂ ਦਿੱਲੀ, 5 ਫਰਵਰੀ | ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤ ਲਿਆ ਹੈ। ਸੋਮਵਾਰ ਨੂੰ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ 292 ਦੌੜਾਂ ਹੀ ਬਣਾ ਸਕੀ। ਟੀਮ ਨੂੰ 399 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਭਾਰਤ ਲਈ ਪਹਿਲੀ ਪਾਰੀ ਵਿਚ ਯਸ਼ਸਵੀ ਜਾਇਸਵਾਲ ਦਾ ਦੋਹਰਾ ਸੈਂਕੜਾ ਇਕ ਟਰਨਿੰਗ ਪੁਆਇੰਟ ਰਿਹਾ। ਉਨ੍ਹਾਂ ਨੇ 209 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ 396 ਦੌੜਾਂ ਦੇ ਪਾਰ ਪਹੁੰਚਾਇਆ। ਇੰਗਲੈਂਡ ਦੀ ਟੀਮ ਦੋਵੇਂ ਪਾਰੀਆਂ ਵਿਚ 300 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕੀ।

ਭਾਰਤ ਵੱਲੋਂ ਸ਼ੁਭਮਨ ਗਿੱਲ ਨੇ ਵੀ ਦੂਜੀ ਪਾਰੀ ਵਿਚ ਸੈਂਕੜਾ ਲਗਾਇਆ। ਦੂਜੇ ਟੈਸਟ ਵਿਚ ਜਿੱਤ ਦੇ ਨਾਲ ਭਾਰਤ ਨੇ 5 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਦੱਸ ਦਈਏ ਕਿ ਇਸ ਸੀਰੀਜ਼ ਦਾ ਪਹਿਲਾ ਟੈਸਟ ਇੰਗਲੈਂਡ ਨੇ 28 ਦੌੜਾਂ ਨਾਲ ਜਿੱਤਿਆ ਸੀ।

ਇਸ ਮੈਚ ਵਿਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਇੰਡੀਆ ਦੀ ਪਹਿਲੀ ਪਾਰੀ 396 ਦੌੜਾਂ ‘ਤੇ ਖਤਮ ਹੋਈ ਸੀ। ਇਸ ਪਾਰੀ ਵਿਚ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਤੇ 209 ਦੌੜਾਂ ਬਣਾਈਆਂ ਸਨ। ਇਸਦੇ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ ‘ਤੇ ਢੇਰ ਕਰ ਦਿੱਤੀ ਸੀ। ਇਸ ਦੌਰਾਨ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 6 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਉਥੇ ਹੀ ਕੁਲਦੀਪ ਯਾਦਵ ਨੇ 3 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ 1 ਵਿਕਟ ਅਕਸ਼ਰ ਪਟੇਲ ਦੇ ਨਾਮ ਰਹੀ।

ਦੱਸ ਦਈਏ ਕਿ ਭਾਰਤ ਲਈ ਦੂਜੀ ਪਾਰੀ ਵਿਚ ਜਸਪ੍ਰੀਤ ਬੁਮਰਾਹ ਤੇ ਆਰ ਅਸ਼ਵਿਨ ਨੇ 3-3 ਵਿਕਟਾਂ ਲਈਆਂ। ਬੁਮਰਾਹ ਨੇ ਇਸ ਮੈਚ ਵਿਚ ਕੁੱਲ ਮਿਲਾ ਕੇ 9 ਵਿਕਟਾਂ ਲਈਆਂ। ਇਸ ਜਿੱਤ ਨਾਲ ਹੀ ਭਾਰਤ ਨੇ ਇੰਗਲੈਂਡ ਦੇ ਖਿਡਾਰੀਆਂ ਦਾ ਘਮੰਡ ਤੋੜ ਦਿੱਤਾ। ਦਰਅਸਲ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ 399 ਦੌੜਾਂ ਦੇ ਟੀਚੇ ਨੂੰ 60-70 ਓਵਰਾਂ ਵਿਚ ਹੀ ਚੇਜ ਕਰਨ ਦੀ ਕੋਸ਼ਿਸ਼ ਕਰੇਗੀ ਪਰ ਉਹ 300 ਦੌੜਾਂ ਵੀ ਨਹੀਂ ਬਣਾ ਸਕੀ। ਇੰਗਲੈਂਡ ਵੱਲੋਂ ਸਿਰਫ਼ ਜੈਕ ਕ੍ਰੋਲੀ ਹੀ 50 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ।