ਸੁਨਾਮ | ਸ਼ਹਿਰ ਦੇ ਸੰਘਣੀ ਵਸੋਂ ਵਾਲੇ ਇਲਾਕੇ ਅੰਦਰ ਨਕਾਬਪੋਸ਼ ਲੁਟੇਰੇ ਇੱਕ ਘਰ ਵਿਚ ਦਾਖ਼ਲ ਹੋਏ ਤੇ ਚਾਕੂ ਦੀ ਨੋਕ ’ਤੇ 80 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਬੁੱਧਵਾਰ ਨੂੰ ਵਾਪਰੀ ਉਕਤ ਘਟਨਾ ਦੌਰਾਨ ਔਰਤ ਦੇ ਸੱਟਾਂ ਲੱਗੀਆਂ, ਉਸ ਨੂੰ ਇਲਾਜ ਲਈ ਸੁਨਾਮ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਚਾਕੂ ਨਾਲ ਮੇਰੇ ਸਿਰ ‘ਤੇ ਵਾਰ ਕੀਤਾ। ਇਸ ਤੋਂ ਬਾਅਦ ਕਰੀਬ ਅੱਠ-ਦਸ ਮਿੰਟ ਤੱਕ ਘਰ ਦੀ ਤਲਾਸ਼ੀ ਲੈਂਦੇ ਰਹੇ ਅਤੇ ਅਲਮਾਰੀ ਵਿੱਚ ਰੱਖੇ 80 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਹੱਥਾਂ ਵਿੱਚ ਪਾਈਆਂ ਚਾਂਦੀ ਦੀਆਂ ਚੂੜੀਆਂ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਹਾਲਾਂਕਿ ਉਸ ਦੀ ਬਾਂਹ ‘ਤੇ ਸੱਟਾਂ ਹਨ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 2 ਨਕਾਬਪੋਸ਼ ਲੁਟੇਰੇ ਘਰ ‘ਚ ਦਾਖਲ ਹੋਏ। ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਔਰਤ ਲਕਸ਼ਮੀ ਦੇਵੀ (45) ਨੇ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਕਰੀਬ 8.30 ਵਜੇ ਰਸੋਈ ਵਿੱਚ ਕੰਮ ਕਰ ਰਹੀ ਸੀ। ਉਸ ਦਾ ਪਤੀ ਵਿਨੋਦ ਕੁਮਾਰ ਅਤੇ ਪੁੱਤਰ ਫੈਕਟਰੀ ਗਏ ਹੋਏ ਸਨ। ਘਰ ਦਾ ਮੇਨ ਗੇਟ ਖੋਲ੍ਹਣ ਦੀ ਆਵਾਜ਼ ਆਈ ਜਿਵੇਂ ਹੀ ਉਹ ਰਸੋਈ ‘ਚੋਂ ਬਾਹਰ ਨਿਕਲ ਕੇ ਦਰਵਾਜ਼ੇ ਵੱਲ ਜਾਣ ਲੱਗੀ ਤਾਂ ਦੋ ਨਕਾਬਪੋਸ਼ ਵਿਅਕਤੀ ਘਰ ‘ਚ ਦਾਖਲ ਹੋਏ ਅਤੇ ਉਸ ਨੂੰ ਫੜ ਕੇ ਉਸ ਦਾ ਮੂੰਹ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਰੱਸੀਆਂ ਪਾ ਕੇ ਕੁਰਸੀ ਨਾਲ ਬੰਨ੍ਹ ਦਿੱਤਾ।

ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤਾ ਨੇ ਕਿਸੇ ਤਰ੍ਹਾਂ ਰੱਸੀਆਂ ਖੋਲ੍ਹ ਕੇ ਆਪਣੇ ਪਤੀ ਨੂੰ ਫੋਨ ਕਰਕੇ ਬੁਲਾਇਆ। ਉਸ ਦੇ ਪਤੀ ਵਿਨੋਦ ਕੁਮਾਰ ਨੇ ਘਰ ਪਹੁੰਚ ਕੇ ਜ਼ਖਮੀ ਪਤਨੀ ਨੂੰ ਸੰਭਾਲਿਆ ਅਤੇ ਇਲਾਜ ਲਈ ਸੁਨਾਮ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਬੰਧਤ ਖੇਤਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਚੈੱਕ ਕੀਤੀ ਜਾ ਰਹੀ ਹੈ।