ਲੁਧਿਆਣਾ, 4 ਮਾਰਚ | ਇਕ ਪਾਸੇ ਜਿੱਥੇ ਲਗਾਤਾਰ ਪੁਲਿਸ ਦਾਅਵੇ ਕਰ ਰਹੀ ਹੈ ਕਿ ਪੰਜਾਬ ‘ਚ ਨਸ਼ਾ ਖਤਮ ਕਰਨ ਲਈ ਉਨ੍ਹਾਂ ਵੱਲੋਂ ਮੁਹਿਮ ਚਲਾਈ ਜਾ ਰਹੀ ਹੈ, ਉੱਥੇ ਇਹ ਦੂਜੇ ਪਾਸੇ ਪੰਜਾਬ ਦੇ ਕਈ ਹਿੱਸਿਆਂ ‘ਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਨਸ਼ੇ ਦੇ ਸੌਦਾਗਰ ਕਾਨੂੰਨ ਤੋਂ ਬੇਖੌਫ ਹਨ। ਲੁਧਿਆਣਾ ਦੇ ਪੀਰੂਬੰਦਾ ਮੁਹੱਲੇ ‘ਚ ਨਸ਼ੇ ਦੇ ਸੌਦਾਗਰ ਲਗਾਤਾਰ ਨਸ਼ੇ ਵੇਚ ਰਹੇ ਹਨ ਪਰ ਇਸ ਦੇ ਬਾਵਜੂਦ ਪੁਲਿਸ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਜੇਕਰ ਕੋਈ ਉਸ ਦੀ ਸ਼ਿਕਾਇਤ ਕਰਦਾ ਹੈ ਤਾਂ ਨਸ਼ਾ ਵੇਚਣ ਵਾਲੇ ਉਲਟਾ ਉਨ੍ਹਾਂ ਖਿਲਾਫ ਕਾਰਵਾਈ ਕਰਦੇ ਹਨ ਤੇ ਉਨ੍ਹਾਂ ਦੀ ਕੁੱਟਮਾਰ ਕਰਦੇ ਹਨ।

ਅਜਿਹੀ ਹੀ ਇੱਕ ਸ਼ਿਕਾਇਤ ਲੈ ਕੇ ਅੱਜ ਪੀਰੂ ਬੰਦਾ ਗਲੀ ਨੰਬਰ 13 ਦੇ ਵਾਸੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ‘ਚ ਨਸ਼ੇ ਦੇ ਵਿਕਰੀ ਸ਼ਰੇਆਮ ਹੋ ਰਹੀ ਹੈ । ਇਲਾਕੇ ਦੇ ਵਿਧਾਇਕ ਨੂੰ ਉਹ ਕਈ ਵਾਰ ਇਸ ਸਬੰਧੀ ਸ਼ਿਕਾਇਤ ਦੇ ਚੁੱਕੇ ਹਨ। ਇਥੋਂ ਤੱਕ ਕਿ ਪੁਲਿਸ ਨੂੰ ਵੀ ਜਾਣਕਾਰੀ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ, ਉਲਟਾ ਉਨ੍ਹਾਂ ‘ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀ ਇਲਾਕੇ ਦੇ ਹੀ ਨੌਵੀਂ ਜਮਾਤ ‘ਚ ਪੜ੍ਹਨ ਵਾਲੇ ਇਕ ਵਿਦਿਆਰਥੀ ‘ਤੇ ਨਸ਼ੇੜੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਉਸ ਦੇ ਸਿਰ ‘ਚ ਸੱਟਾਂ ਮਾਰੀਆਂ ਗਈਆਂ, ਜਿਸ ਕਰ ਕੇ ਉਸ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਉਲਟਾ ਪੁਲਿਸ ਸਾਡੇ ‘ਤੇ ਸਮਝੌਤਾ ਕਰਵਾਉਣ ਲਈ ਦਬਾਅ ਬਣਾ ਰਹੀ ਹੈ, ਜਿਸ ਕਰਕੇ ਉਹ ਪੁਲਿਸ ਕਮਿਸ਼ਨਰ ਦਫਤਰ ਆਏ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਨਹੀਂ ਹੋ ਰਹੀ ਹੈ, ਜਿਸ ਕਰਕੇ ਨਸ਼ੇੜੀ ਬੇਖੌਫ ਹਨ।

ਮੁਹੱਲੇ ਦੇ ਵਿੱਚ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸਗੋਂ ਨਸ਼ਾ ਵੇਚਣ ਵਾਲੇ ਅਤੇ ਕਰਨ ਵਾਲੇ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਕੱਲ ਨੂੰ ਜੇਕਰ ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਉਹ ਹੋਣਗੇ। ਹਾਲਾਂਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਦਫਤਰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਜ਼ਰੂਰ ਦਿੱਤਾ ਹੈ ਪਰ ਪੁਲਿਸ ਨੇ ਮੀਡੀਆ ਅੱਗੇ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਸ ਹੈ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।