ਜਲੰਧਰ, 13 ਨਵੰਬਰ | ਥਾਣਾ ਲਾਂਬੜਾ ਅਧੀਨ ਪੈਂਦੇ ਲੱਲੀਆਂ ਖੁਰਦ ‘ਚ ਚਾਰ ਬੱਚਿਆਂ ਦੇ ਪਿਓ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਕੇ ਪਤਨੀ ਫ਼ਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀਸੂਰਨ ਉਮਰ ਕਰੀਬ 35 ਸਾਲ ਵਾਸੀ ਝਾਰਖੰਡ ਹਾਲ ਵਾਸੀ ਲੱਲੀਆਂ ਖੁਰਦ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਗੁਰਦਿਆਲ ਸਿੰਘ ਵਾਸੀ ਲੱਲੀਆਂ ਖੁਰਦ ਨੇ ਦੱਸਿਆ ਕਿ ਮਾਸੀਸੂਰਨ ਨਾਂ ਦਾ ਪ੍ਰਵਾਸੀ ਮਜ਼ਦੂਰ ਪਿਛਲੇ 2 ਮਹੀਨਿਆਂ ਤੋਂ ਆਪਣੇ 4 ਬੱਚਿਆਂ ਤੇ ਪਤਨੀ ਨਾਲ ਕੰਮ ਕਰ ਰਿਹਾ ਸੀ, ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੂਹ ‘ਤੇ ਰਹਿੰਦਾ ਸੀ। ਸੋਮਵਾਰ ਸਵੇਰੇ ਉਨ੍ਹਾਂ ਨੂੰ ਖੂਹ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਮਾਸੀਸੂਰਨ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਵੱਲੋਂ ਜਦੋਂ ਮ੍ਰਿਤਕ ਦੇ ਬੱਚਿਆਂ ਤੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਮਾਤਾ-ਪਿਤਾ ਦਾ ਆਪਸੀ ਝਗੜਾ ਹੋਇਆ ਸੀ। ਬੱਚਿਆਂ ਨੇ ਦੱਸਿਆ ਕਿ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਮਾਂ ਰੂਪਾ ਘਰ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਲਾਂਬੜਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚ ਕੇ ਲਾਂਬੜਾ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।