ਜਲੰਧਰ | ਇਥੋਂ ਇਕ ਖੌਫਨਾਕ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਸੂਰਿਆ ਇਨਕਲੇਵ ਦੇ ਗੇਟ ਦੇ ਬਾਹਰ ਮੰਗਲਵਾਰ ਦੇਰ ਰਾਤ ਸਾਢੇ 10 ਵਜੇ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਨਾਲ ਨੌਜਵਾਨ ਦਾ ਅੱਧਾ ਹੱਥ ਕੱਟ ਕੇ ਉਥੇ ਹੀ ਡਿੱਗ ਗਿਆ। ਹਮਲਾਵਰਾਂ ਨੇ ਨੌਜਵਾਨ ਦੀਆਂ ਅੱਖਾਂ ਵੀ ਕੱਢ ਦਿੱਤੀਆਂ। ਲੋਕਾਂ ਦੇ ਇਕੱਠੇ ਹੋਣ ’ਤੇ ਹਮਲਾਵਰ ਉਥੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।

ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਮੰਗਲਵਾਰ ਦੇਰ ਰਾਤ ਨੂੰ ਬਾਈਕ ’ਤੇ ਜਾ ਰਿਹਾ ਸੀ। ਜਦੋਂ ਉਹ ਸੂਰਿਆ ਇਨਕਲੇਵ ਨੇੜੇ ਪੁੱਜਾ ਤਾਂ ਉਸ ’ਤੇ ਦਰਜਨ ਦੇ ਲਗਭਗ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦਾ ਹੱਥ ਵੱਢ ਦਿੱਤਾ ਅਤੇ ਅੱਖਾਂ ਵੀ ਨੋਚ ਲਈਆਂ। ਨੌਜਵਾਨ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ’ਚ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ। ਡਿਊਟੀ ਅਫਸਰ ਰੂਪ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤੀ ਹੈ ਅਤੇ ਨਾ ਹੀ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਦਿੱਤੀ ਹੈ। ਸਿਵਲ ਹਸਪਤਾਲ ’ਚ ਕਰਮਚਾਰੀ ਭੇਜੇ ਸਨ ਪਰ ਉਥੇ ਕੋਈ ਨਾ ਮਿਲਿਆ। ਸ਼ਿਕਾਇਤ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਬਾਈਕ ‘ਤੇ ਜਾ ਰਹੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 12 ਤੋਂ 15 ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ‘ਤੇ ਕਈ ਜ਼ਖ਼ਮ ਕਰਨ ਤੋਂ ਬਾਅਦ ਉਸ ਦਾ ਹੱਥ ਵੱਢ ਦਿੱਤਾ। ਬਾਂਹ ਤੋਂ ਵੱਖ ਹੋਏ ਹੱਥ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੇਂ ਸਿਰ ਮੈਡੀਕਲ ਕਾਲਜ ਪਹੁੰਚ ਜਾਵੇ ਤਾਂ ਇਸ ਨੂੰ ਸਰਜਰੀ ਰਾਹੀਂ ਜੋੜਿਆ ਜਾ ਸਕਦਾ ਹੈ। ਫਿਲਹਾਲ ਹਾਲਤ ਸੀਰੀਅਸ ਹੈ।

ਵੇਖੋ ਵੀਡੀਓ