ਜਲੰਧਰ | ਜਲੰਧਰ ‘ਚ ਕੰਟ੍ਰੈਕਟ ਮੈਰਿਜ ਦੇ ਜਾਲ ’ਚ ਫਸ ਕੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆਉਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੈਂਟ ਥਾਣਾ ਖੇਤਰ ਦੇ ਰਹਿਣ ਵਾਲੇ ਲਵਪ੍ਰੀਤ ਦੇ ਨਾਲ ਕੰਟ੍ਰੈਕਟ ਮੈਰਿਜ ਤੋਂ ਬਾਅਦ ਲੜਕੀ ਕੈਨੇਡਾ ਚਲੀ ਗਈ ਅਤੇ ਉਥੇ ਜਾ ਕੇ ਉਸ ਨੇ ਲੜਕੇ ਨੂੰ ਕੈਨੇਡਾ ਨਹੀਂ ਬੁਲਾਇਆ, ਜਿਸ ਦੀ ਸ਼ਿਕਾਇਤ ਤੋਂ ਬਾਅਦ ਕੈਂਟ ਥਾਣੇ ਦੀ ਪੁਲਿਸ ਨੇ ਲੜਕੀ, ਉਸ ਦੀ ਮਾਂ ਤੇ ਮਾਸੀ ਖ਼ਿਲਾਫ ਸਬੰਧਿਤ ਧਾਰਾਵਾਂ ’ਚ ਕੇਸ ਤਾਂ ਦਰਜ ਕਰ ਲਿਆ ਹੈ ਪਰ ਪੁਲਿਸ ਹਾਲੇ ਤੱਕ ਮਾਮਲੇ ’ਚ ਇਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਾਰਪੁਰ ਦੇ ਰਹਿਣ ਵਾਲੇ ਰਿਟਾਇਰਡ ਫ਼ੌਜੀ ਕਰਮਚਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕਪੂਰਥਲਾ ਦੀ ਇਕ ਬੈਂਕ ’ਚ ਸਿੰਗਲ ਵਿੰਡੋ ਆਪ੍ਰੇਟਰ ਦੇ ਤੌਰ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਗੁਆਂਢ ’ਚ ਹੀ ਫ਼ੌਜ ’ਚ ਇਕੱਠੇ ਕੰਮ ਕਰਨ ਵਾਲਾ ਮਨਜੀਤ ਸਿੰਘ ਵੀ ਰਹਿੰਦਾ ਹੈ।

ਮਨਜੀਤ ਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਰਮਨਦੀਪ ਦੇ ਆਈਲੈਟਸ ’ਚੋਂ 6.5 ਬੈਂਡ ਹਨ ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਵਿਦੇਸ਼ ਜਾ ਸਕੇ। ਜੇਕਰ ਤੁਸੀਂ ਆਪਣੇ ਬੇਟੇ ਲਵਪ੍ਰੀਤ ਦੀ ਕੰਟ੍ਰੈਕਟ ਮੈਰਿਜ ਉਸ ਨਾਲ ਕਰਵਾ ਦਿੰਦੇ ਹੋ ਤਾਂ ਉਹ ਕੈਨੇਡਾ ਜਾਣ ਤੋਂ ਬਾਅਦ ਉਸ ਨੂੰ ਵੀ ਉਥੇ ਬੁਲਾ ਲਵੇਗੀ ਪਰ ਉਸ ਦੇ ਵਿਦੇਸ਼ ਜਾਣ ਦਾ ਪੂਰਾ ਖ਼ਰਚ ਤੁਹਾਨੂੰ ਚੁੱਕਣਾ ਪਵੇਗਾ ਅਤੇ ਜੇਕਰ ਉਸ ਦੀ ਭਾਣਜੀ ਰਮਨਦੀਪ ਲੜਕੇ ਨੂੰ ਕੈਨੇਡਾ ਨਹੀਂ ਬੁਲਾਉਂਦੀ ਤਾਂ ਉਹ ਖ਼ਰਚ ਦੀ ਦੁੱਗਣੀ ਰਕਮ ਦੇਵੇਗੀ, ਜਿਸ ਤੋਂ ਬਾਅਦ ਲਵਪ੍ਰੀਤ ਅਤੇ ਰਮਨਦੀਪ ਦੀ ਮੰਗਣੀ ਕਰ ਦਿੱਤੀ ਗਈ ਪਰ ਮੰਗਣੀ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰਮਨਦੀਪ ਦੇ ਆਈਲੈਟਸ ’ਚੋਂ ਸਿਰਫ਼ 6 ਬੈਂਡ ਹਨ, ਜਿਸ ਬਾਰੇ ਦੋਸ਼ੀਆਂ ਨੇ ਉਨ੍ਹਾਂ ਨਾਲ ਝੂਠ ਬੋਲਿਆ ਸੀ। ਫਿਰ ਵੀ ਪੀੜਤਾਂ ਨੇ ਰਮਨਦੀਪ ਨੂੰ ਦੁਬਾਰਾ ਆਈਲੈਟਸ ਕਰਵਾਈ, ਜਿਸ ’ਚ ਉਸ ਦੇ 6.5 ਬੈਂਡ ਆ ਗਏ।

ਵਿਆਹ ਤੇ ਕੈਨੇਡਾ ਭੇਜਣ ’ਚ 35 ਲੱਖ ਰੁਪਏ ਹੋਏ ਖ਼ਰਚ

ਦੋਵਾਂ ਪਰਿਵਾਰਾਂ ’ਚ ਐਗਰੀਮੈਂਟ ਹੋ ਜਾਣ ਤੋਂ ਬਾਅਦ ਰਮਨਦੀਪ ਅਤੇ ਲਵਪ੍ਰੀਤ ਦੀ ਲਾਕਡਾਊਨ ਦੇ ਚੱਲਦਿਆਂ ਰਜਿਸਟਰਡ ਮੈਰਿਜ ਕਰਵਾ ਦਿੱਤੀ ਗਈ। ਵਿਆਹ ਹੋਣ ਤੋਂ ਬਾਅਦ ਵੀ ਰਮਨਦੀਪ ਨੇ ਪਾਸਪੋਰਟ ’ਚ ਆਪਣੇ ਪਤੀ ਦਾ ਨਾਂ ਨਹੀਂ ਲਿਖਵਾਇਆ ਅਤੇ ਕੈਨੇਡਾ ਚਲੀ ਗਈ। ਰਮਨਦੀਪ ਨੂੰ ਕੈਨੇਡਾ ਭੇਜਣ ’ਚ 20 ਲੱਖ ਖ਼ਰਚ ਹੋਏ। ਇਸ ਤੋਂ ਇਲਾਵਾ ਵਿਆਹ ਅਤੇ ਉਸ ਦੀ ਟਿਕਟ ਨੂੰ ਲੈ ਕੇ ਹੋਰ ਚੀਜ਼ਾਂ ’ਚ ਕਰੀਬ 15 ਲੱਖ ਖ਼ਰਚ ਹੋਏ।

ਪੈਸੇ ਮੰਗਣ ’ਤੇ ਪਹਿਲਾਂ ਧਮਕਾਇਆ ਅਤੇ ਫਿਰ ਦਾਜ ਲਈ ਤੰਗ ਕਰਨ ਦਾ ਲਾਇਆ ਦੋਸ਼

ਕੈਨੇਡਾ ਪਹੁੰਚਣ ਤੋਂ ਬਾਅਦ ਰਮਨਦੀਪ ਕੌਰ ਨੇ ਆਪਣੇ ਸਹੁਰਾ ਪਰਿਵਾਰ ਤੇ ਪਤੀ ਦਾ ਨੰਬਰ ਬਲਾਕ ਲਿਸਟ ’ਚ ਪਾ ਦਿੱਤਾ ਅਤੇ ਰਮਨਦੀਪ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ’ਚ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦੇ ਦਿੱਤੀ।

ਇਸ ਸ਼ਿਕਾਇਤ ’ਚ ਕਿਹਾ ਗਿਆ ਕਿ ਰਮਨਦੀਪ ਵਿਆਹ ਤੋਂ ਬਾਅਦ ਤੋਂ ਕੈਨੇਡਾ ’ਚ ਸੀ, ਜਿਥੇ ਉਸ ਦੇ ਮੋਬਾਇਲ ’ਤੇ ਸਹੁਰਾ ਪਰਿਵਾਰ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੇ ਇਨ੍ਹਾਂ ਦਾ ਨੰਬਰ ਬਲਾਕ ਕਰ ਦਿੱਤਾ। ਹਾਲਾਂਕਿ ਪੁਲਿਸ ਦੀ ਜਾਂਚ ’ਚ ਇਹ ਸਾਰੇ ਦੋਸ਼ ਝੂਠੇ ਨਿਕਲੇ।

ਉਥੇ ਹੀ ਪੀੜਤਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਰਮਨਦੀਪ ਕੌਰ ਉਸ ਦੀ ਮਾਂ ਮਨਜੀਤ ਕੌਰ ਵਾਸੀ ਗੜ੍ਹਸ਼ੰਕਰ ਹੁਸ਼ਿਆਰਪੁਰ ਉਸ ਦੇ ਮਾਸੜ ਮਨਜੀਤ ਸਿੰਘ ਅਤੇ ਮਾਸੀ ਬਲਜੀਤ ਕੌਰ ਵਾਸੀ ਸੋਫੀ ਪਿੰਡ ਜਲੰਧਰ ਕੈਂਟ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਕੇਸ ਦਰਜ ਕਰਨ ਦੇ 10 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।